ਨਵੇਂ ਸੈਸ਼ਨ ਦੌਰਾਨ ਸਰਕਾਰੀ ਸਕੂਲਾਂ ਵਿੱਚ ਹੋਰ ਦਾਖਲਾ ਵਧਾਇਆ ਜਾਵੇ : ਸਤਨਾਮ ਸਿੰਘ ਬਾਠ

  • ਸਮੂਹ ਸਕੂਲ ਮੁੱਖੀਆਂ ਨੂੰ 31 ਮਾਰਚ ਤੱਕ ਸਾਰੀਆਂ ਗ੍ਰਾਂਟਾਂ ਵਰਤਣ ਦੇ ਆਦੇਸ਼ ਜਾਰੀ - ਬਾਠ
  • ਮੈਗਾ ਮਾਪੇ ਅਧਿਆਪਕ ਮਿਲਣੀ ਬੜੇ ਸੁਚੱਜੇ ਢੰਗ ਨਾਲ ਕਰਵਾਈ ਜਾਵੇ

ਤਰਨ ਤਾਰਨ 28 ਮਾਰਚ 2025 : ਸਿੱਖਿਆ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖਲੇ ਵਧਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਉਪਰਾਲਿਆਂ ਨੂੰ ਲਗਾਤਾਰ ਜਾਰੀ ਰੱਖਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਸਤਿਨਾਮ ਸਿੰਘ ਬਾਠ ਨੇ ਸਮੂਹ ਸਕੂਲ ਮੁੱਖੀਆਂ ਅਤੇ ਅਧਿਆਪਕਾਂ ਨੂੰ ਆਪਣੇ ਪੱਧਰ ਤੇ ਵੱਧ ਤੋਂ ਵੱਧ ਮਿਹਨਤ ਕਰਕੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਰਹੇ ਨਵੇਂ ਸ਼ੈਸ਼ਨ ਦਾ ਆਰੰਭ ਬਿਹਤਰੀਨ ਤਰੀਕੇ ਨਾਲ ਹੋ ਸਕੇ ।  ਉਹਨਾਂ ਕਿਹਾ ਕਿ ਡੋਰ ਟੂ ਡੋਰ ਮੁਹਿੰਮ ਦਾ ਆਗਾਜ਼ ਸ਼ਾਨਦਾਰ ਤਰੀਕੇ ਨਾਲ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ  ਸਿੱਖਿਆ ਅਫ਼ਸਰ ਸਤਨਾਮ ਸਿੰਘ ਬਾਠ ਨੇ ਸਮੂਹ ਸਕੂਲ ਮੁੱਖੀਆਂ ਨੂੰ ਹੁਣ ਤੱਕ ਸਕੂਲਾਂ ਨੂੰ ਭੇਜੀਆਂ ਗਈਆਂ ਸਾਰੀਆਂ ਗਰਾਂਟਾਂ 31 ਮਾਰਚ ਤੱਕ ਪੂਰਨ ਰੂਪ ਵਿੱਚ ਵਰਤਣ ਲਈ ਹਦਾਇਤ ਕੀਤੀ। ਉਹਨਾਂ ਕਿਹਾ ਕਿ 29 ਮਾਰਚ ਨੂੰ ਹੋਣ ਵਾਲੀ ਮੈਗਾ ਮੀਟ ਪੂਰੇ ਸ਼ਾਨਦਾਰ ਤਰੀਕੇ ਨਾਲ ਕਰਵਾਈ ਜਾਵੇ। ਉਹਨਾਂ ਕਿਹਾ ਕਿ ਹਾਜ਼ਰ ਮਾਤਾ-ਪਿਤਾ ਸਾਹਿਬਾਨ ਸਰਕਾਰੀ ਸਕੂਲਾਂ ਦੀਆਂ ਸਮੁੱਚੀਆਂ ਸਹੂਲਤਾਂ ਤੋਂ ਜਾਣੂ ਕਰਵਾਇਆ ਜਾਵੇ।  ਇਸ ਮੌਕੇ ਉਹਨਾਂ ਪ੍ਰਾਈਵੇਟ ਸਕੂਲ ਮੁੱਖੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀਆਂ ਫੀਸਾਂ "ਫੀਸ ਰੈਗੂਲੇਟਰੀ ਕਮਿਸ਼ਨ" ਅਨੁਸਾਰ ਹੀ ਰੱਖੀਆਂ ਜਾਣ ਅਤੇ ਵਿਦਿਆਰਥੀਆਂ ਨੂੰ ਕਿਤਾਬਾਂ ਅਤੇ ਵਰਦੀ ਸਕੂਲ ਤੋਂ ਹੀ ਖਰੀਦਣ ਲਈ ਪਾਬੰਦ ਨਾ ਕੀਤਾ ਜਾਵੇ । ਜੇਕਰ ਅਜਿਹਾ ਕਿਤੇ ਵੀ ਧਿਆਨ ਵਿੱਚ ਆਇਆ ਤਾਂ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਉਹਨਾਂ ਸਮੂਹ ਪ੍ਰਾਈਵੇਟ ਸਕੂਲ ਮੁੱਖੀਆਂ ਨੂੰ ਹਿਦਾਇਤ ਕੀਤੀ ਕਿ ਉਹ ਆਪਣੇ ਸਕੂਲ ਦੀ ਫੀਸ, ਵਰਦੀਆਂ ਅਤੇ ਕਿਤਾਬਾਂ ਦੇ ਵੈਂਡਰ ਨੋਟਿਸ ਬੋਰਡ ਤੇ ਲਗਾਉਣਾ ਯਕੀਨੀ ਬਣਾਉਣ । ਇਸ ਮੌਕੇ ਉਹਨਾਂ ਨਾਲ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਸ੍ਰ ਪਰਮਜੀਤ ਸਿੰਘ ਅਤੇ ਜਿਲਾ ਗਾਈਡੈਂਸ ਕੈਰੀਅਰ ਸ੍ਰ ਸੁਖਬੀਰ ਸਿੰਘ ਕੰਗ ਵੀ ਹਾਜ਼ਰ ਸਨ।