ਜਿਲ੍ਹਾ ਮੈਜਿਸਟਰੇਟ ਵੱਲੋਂ ਕਣਕ ਦੇ ਸੀਜਨ ਨੂੰ ਲੈ ਕੇ ਵੱਖ ਵੱਖ ਪਾਬੰਦੀਆਂ ਦੇ ਕੀਤੇ ਹੁਕਮ ਜਾਰੀ

  • ਜਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ ਰਾਤ ਦੇ ਸਮੇਂ ਕਣਕ ਦੀ ਕਟਾਈ ਅਤੇ ਫਸਲਾਂ ਦੀ ਰਹਿੰਦ ਖੁੰਹਦ ਨੂੰ ਅੱਗ ਲਗਾਉਂਣ ਤੇ ਲਗਾਈ ਪੂਰਨ ਪਾਬੰਦੀ

ਪਠਾਨਕੋਟ, 09 ਅਪ੍ਰੈਲ : ਸ੍ਰੀ ਆਦਿੱਤਿਆ ਉੱਪਲ ਜ਼ਿਲ੍ਹਾ ਮੈਜਿਸਟਰੇਟ, ਪਠਾਨਕੋਟ ਨੇ ਕਣਕ ਦੀ ਕਟਾਈ ਦੇ ਸੀਜਨ ਨੂੰ ਲੈ ਕੇ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਜਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ ਕਣਕ ਦੀ ਕਟਾਈ ਦੇ ਸੀਜਨ ਨੂੰ ਲੈ ਕੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਣਕ ਦੀ ਕਟਾਈ ਦਾ ਸੀਜਨ ਸ਼ੁਰੂ ਹੋਣ ਵਾਲਾ ਹੈ। ਆਮ ਤੌਰ ਤੇ ਵੇਖਣ ਵਿੱਚ ਆਇਆ ਹੈ ਕਿ ਕਣਕ ਦੀ ਕਟਾਈ ਲਈ ਕੰਬਾਇਨਾਂ ਦੀ ਵਰਤੋਂ 24 ਘੰਟੇ ਕੀਤੀ ਜਾਂਦੀ ਹੈ। ਇਸ ਲਈ ਰਾਤ ਸਮੇਂ ਕੰਬਾਇਨਾਂ ਚੱਲਣ ਨਾਲ ਜਾਨੀ ਮਾਲੀ ਨੁਕਸਾਨ ਹੋਣ ਦਾ ਅਤੇ ਦੁਰਘਟਨਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਕੰਬਾਇਨਾਂ ਨਾਲ ਰਾਤ ਦੇ ਸਮੇਂ ਹਰੀ ਕਣਕ ਜੋ ਕਿ ਚੰਗੀ ਤਰ੍ਹਾਂ ਸੁੱਕੀ ਨਹੀਂ ਹੁੰਦੀ ਉਸਦੀ ਕਟਾਈ ਕਰ ਦਿੱਤੀ ਜਾਂਦੀ ਹੈ ਅਤੇ ਇਸ ਕਰਕੇ ਹਰੀ ਕੱਟੀ ਹੋਈ ਕਣਕ ਸੁੱਕਣ ਤੇ ਕਾਲੀ ਪੈ ਜਾਂਦੀ ਹੈ, ਸਿੱਟੇ ਵੱਜੋਂ ਕਿਸਾਨਾਂ ਨੂੰ ਸਿੱਧੇ ਤੋਰ ਤੇ ਨੁਕਸਾਨ ਝੱਲਣਾ ਪੈਂਦਾ ਹੈ। ਇਸ ਤੋਂ ਇਲਾਵਾ ਇਹ ਵੀ ਵੇਖਣ ਵਿੱਚ ਆਉਂਦਾ ਹੈ ਕਿ ਬਹੁਤ ਸਾਰੀਆਂ ਪੁਰਾਣੀਆਂ ਹੋ ਚੁੱਕੀਆ ਕੰਬਾਇਨਾਂ ਵੀ ਕਟਾਈ ਲਈ ਵਰਤੀਆਂ ਜਾਂਦੀਆ ਹਨ, ਜਿਹਨਾਂ ਨਾਲ ਕਣਕ ਦੀ ਕਵਾਲਿਟੀ ਖਰਾਬ ਹੋ ਜਾਂਦੀ ਹੈ ਅਤੇ ਕਈ ਕੰਬਾਇਨਾਂ ਵਿੱਚ ਮਕੈਨੀਕਲ ਨੁਕਸ ਹੋਣ ਕਾਰਨ ਵੀ ਕਣਕ ਦੀ ਕਵਾਲਿਟੀ ਪ੍ਰਭਾਵਿਤ ਹੁੰਦੀ ਹੈ, ਇਸ ਕਾਰਨ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਕਰਨ ਤੋਂ ਮਨਾਹੀ ਕੀਤੀ ਜਾਂਦੀ ਹੈ। ਇਸ ਨਾਲ ਜਿੱਥੇ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ, ਉਥੇ ਅਸਿੱਧੇ ਤੌਰ ਤੇ ਦੇਸ਼ ਦੇ ਕਣਕ ਉਤਪਾਦਨ ਤੇ ਵੀ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਤੱਥਾਂ ਨੂੰ ਮੁੱਖ ਰੱਖਦੇ ਹੋਏ ਫੌਜਦਾਰੀ ਸੰਘਤਾ 1973(1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਪਠਾਨਕੋਟ ਅੰਦਰ ਸ਼ਾਮ 07:00 ਵਜੇ ਤੋਂ ਲੈ ਕੇ ਸਵੇਰੇ 08:00 ਵਜੇ ਤੱਕ ਕੰਬਾਇਨਾਂ ਨਾਲ ਕਣਕ ਦੀ ਕਟਾਈ ਤੇ ਪੂਰਣ ਪਾਬੰਦੀ ਲਗਾਈ ਜਾਂਦੀ ਹੈ। ਇਸ ਤੋਂ ਇਲਾਵਾ ਜਿਲ੍ਹਾ ਪਠਾਨਕੋਟ ਅੰਦਰ ਕਣਕ ਦੀ ਕਟਾਈ ਵਾਲੀਆਂ ਕੰਬਾਇਨਾਂ ਦੇ ਮਾਲਕਾ ਨੂੰ ਇਹ ਹਦਾਇਤ ਵੀ ਕੀਤੀ ਜਾਂਦੀ ਹੈ ਕਿ ਹਾਰਵੈਸਟਰ ਕੰਬਾਇਨ ਦੀ ਵਰਤੋਂ ਕਰਨ ਤੋਂ ਪਹਿਲਾਂ ਇਸਦੀ ਖੇਤੀਬਾੜੀ ਵਿਭਾਗ ਕੋਲੋਂ ਇੰਸਪੈਕਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਹ ਵੀ ਵੇਖਣ ਵਿੱਚ ਆਇਆ ਹੈ ਕਿ ਕਣਕ ਦੇ ਸੀਜਨ ਦੌਰਾਨ ਕਣਕ ਦੀ ਕਟਾਈ ਉਪਰੰਤ ਕਈ ਕਿਸਾਨਾਂ ਵੱਲੋਂ ਫਸਲ ਦੀ ਰਹਿੰਦ-ਖੂੰਹਦ (ਨਾੜ) ਨੂੰ ਅੱਗ ਲਗਾ ਦਿੱਤੀ ਜਾਂਦੀ ਹੈ, ਜਿਸ ਕਰਕੇ ਵਾਤਾਵਰਣ ਪ੍ਰਦੂਸਿਤ ਹੁੰਦਾ ਹੈ ਤੇ ਜਨਤਾ ਦੀ ਸਿਹਤ ਦੇ ਵੀ ਮਾੜਾ ਅਸਰ ਪੈਂਦਾ ਹੈ ਅਤੇ ਜਮੀਨ ਦੀ ਉਪਜਾਊ ਤਾਕਤ ਵੀ ਘੱਟਦੀ ਹੈ। ਇਸ ਤੋਂ ਇਲਾਵਾ ਜਮੀਨ ਦੀ ਉਪਰਲੀ ਸਤਾ ਨੂੰ ਅੱਗ ਲਾਉਣ ਨਾਲ ਜ਼ਮੀਨ ਵਿੱਚ ਮੌਜੂਦ ਕਈ ਲਾਭਦਾਇਕ ਜੀਵਾਣੂ ਵੀ ਮਰ ਜਾਦੇ ਹਨ ਅਤੇ ਆਲੇ ਦੁਆਲੇ ਦੇ ਖੇਤਾਂ ਵਿੱਚ ਖੜੀ ਫਸਲ ਦੇ ਨਾਲ ਨਾਲ ਪਿੰਡਾਂ ਵਿੱਚ ਵੀ ਅੱਗ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਤਰ੍ਹਾਂ ਦੀ ਲਗਾਈ ਜਾਂਦੀ ਅੱਗ ਨਾਲ ਪੈਦਾ ਹੋਣ ਵਾਲੇ ਧੂੰਏ ਕਾਰਨ ਸੜਕ ਉੱਪਰ ਹਾਦਸੇ ਵਾਪਰਨ ਨਾਲ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ ਜਿਲ੍ਹਾ ਪਠਾਨਕੋਟ ਅੰਦਰ ਕਣਕ ਦੀ ਰਹਿੰਦ-ਖੂੰਹਦ (ਨਾੜ) ਨੂੰ ਅੱਗ ਲੱਗਾਉਣ/ਸਾੜਨ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਂਦੀ ਹੈ।