ਸਥਾਨਕ ਮਲਟੀਪਰਪਜ ਸਪੋਰਟਸ ਸਟੇਡੀਅਮ, ਲਮੀਣੀ (ਪਠਾਨਕੋਟ) ਵਿਖੇ ਮਨਾਇਆ ਜਾਵੇਗਾ ਜਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ

  • ਪਠਾਨਕੋਟ ਵਿਖੇ ਆਯੋਜਿਤ ਜਿਲ੍ਹਾ ਪੱਧਰੀ ਸਮਾਰੋਹ ਵਿੱਚ ਸ. ਗੁਰਮੀਤ ਸਿੰਘ ਖੁੱਡੀਆਂ ਖੇਤੀ ਬਾੜੀ ਅਤੇ  ਪਸੂ ਪਾਲਣ ਮੰਤਰੀ ਪੰਜਾਬ ਲਹਿਰਾਉਂਗੇ ਰਾਸਟਰੀ ਝੰਡਾ

ਪਠਾਨਕੋਟ, 10 ਜਨਵਰੀ : ਗਣਤੰਤਰ ਦਿਵਸ ਦੀਆਂ ਤਿਆਰੀਆਂ ਜਿਲ੍ਹਾ ਪੱਧਰੀ ਸਮਾਰੋਹ ਸਬੰਧੀ ਅੱਜ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸ੍ਰੀ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ(ਜ) ਜੀ ਦੀ ਪ੍ਰਧਾਨਗੀ ਵਿੱਚ ਵੱਖ ਵੱਖ ਵਿਭਾਗੀ ਅਧਿਕਾਰੀਆਂ ਨਾਲ ਇੱਕ ਮੀਟਿੰਗ ਆਯੋਜਿਤ ਕੀਤੀ ਗਈ। ਇਸ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਮੇਜਰ ਡਾ. ਸੁਮਿਤ ਮੂਧ ਐਸ.ਡੀ.ਐਮ. ਪਠਾਨਕੋਟ, ਜਿਊਤਸਨਾ ਸਿੰਘ ਪੀ.ਸੀ.ਐਸ., ਸਮੀਰ ਸਿੰਘ ਡੀ.ਐਸ.ਪੀ. ਸਿਟੀ ਪਠਾਨਕੋਟ, ਰਾਜੇਸ ਕੁਮਾਰ ਜਿਲ੍ਹਾ ਸਿੱਖਿਆ ਅਫਸਰ ਪਠਾਨਕੋਟ, ਡਾ. ਸੁਨੀਲ ਕੁਮਾਰ ਐਸ.ਐਮ.ਓ. ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜਰ ਸਨ। ਵਧੀਕ ਡਿਪਟੀ ਕਮਿਸਨਰ (ਜ) ਪਠਾਨਕੋਟ ਨੇ ਕਿਹਾ ਕਿ ਜਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਸਥਾਨਕ ਮਲਟੀਪਰਪਜ ਸਪੋਰਟਸ ਸਟੇਡੀਅਮ, ਲਮੀਣੀ (ਪਠਾਨਕੋਟ) ਵਿਖੇ ਮਨਾਇਆ ਜਾਵੇਗਾ ਅਤੇ ਪਠਾਨਕੋਟ ਵਿਖੇ ਆਯੋਜਿਤ ਜਿਲ੍ਹਾ ਪੱਧਰੀ ਸਮਾਰੋਹ ਵਿੱਚ ਸ. ਗੁਰਮੀਤ ਸਿੰਘ ਖੁੱਡੀਆਂ ਖੇਤੀ ਬਾੜੀ ਅਤੇ  ਪਸੂ ਪਾਲਣ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਹਾਜਰ ਹੋ ਕੇ ਰਾਸਟਰੀ ਝੰਡਾ ਲਹਿਰਾਉਂਗੇ । ਸ੍ਰੀ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ(ਜ) ਨੇ ਦੱਸਿਆ ਕਿ ਸਥਾਨਕ ਮਲਟੀਪਰਪਜ ਸਪੋਰਟਸ ਸਟੇਡੀਅਮ, ਲਮੀਣੀ (ਪਠਾਨਕੋਟ) ਵਿਖੇ 19 ਅਤੇ 22 ਜਨਵਰੀ ਨੂੰ ਰਿਹਰਸਲ ਕੀਤੀ ਜਾਵੇਗੀ ਅਤੇ 24 ਜਨਵਰੀ ਨੂੰ ਫੁੱਲ ਡ੍ਰੈਸ ਰਿਹਰਸਲ  ਕੀਤੀ ਜਾਵੇਗੀ । ਉਨ੍ਹਾਂ ਵੱਲੋਂ ਗਣਤੰਤਰ ਦਿਵਸ ਦੀਆਂ ਤਿਆਰੀਆਂ ਲਈ ਵੱਖ ਵੱਖ ਜਿਲ੍ਹਾ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪੱਧਰੀ ਗਣਤੰਤਰਤਾ ਦਿਵਸ ਸਮਾਰੋਹ ਦੋਰਾਨ ਵੱਖ ਵੱਖ ਸਕੂਲਾਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ ਕੀਤਾ ਜਾਵੇਗਾ ਅਤੇ ਪੰਜਾਬ ਪੁਲਿਸ, ਐਨ.ਸੀ.ਸੀ., ਮਹਿਲਾ ਪੁਲਿਸ ਅਤੇ ਹੋਮ ਗਾਰਡ ਵੱਲੋਂ ਮਾਰਚ ਪਾਸਟ ਕੀਤਾ ਜਾਵੇਗਾ।