ਜ਼ਿਲ੍ਹਾ ਪ੍ਰਸ਼ਾਸ਼ਨ ਵਿਆਹ ਪੁਰਬ ਸਮਾਗਮ ਸਫਲਤਾਪੁਰਵਕ ਢੰਗ ਨਾਲ ਨੇਪਰੇ ਚਾੜ੍ਹਣ ਲਈ ਪੱਬਾਂਭਾਰ

  • ਵੱਖ-ਵੱਖ ਵਿਭਾਗਾਂ ਵਲੋਂ ਤਿਆਰੀਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਅੰਤਿਮ ਛੋਹਾਂ 

ਬਟਾਲਾ, 7 ਸਤੰਬਰ 2024 : 10 ਸਤੰਬਰ ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਸਮਾਗਮ ਪੂਰੇ ਉਤਸ਼ਾਹ ਨਾਲ ਮਨਾਏ ਜਾਣਗੇ, ਜਿਸ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸੰਗਤਾਂ ਦੀ ਸਹੂਲਤ ਲਈ ਸੁਚਾਰੂ ਢੰਗ ਨਾਲ ਕੀਤੇ ਜਾ ਰਹੇ ਕੰਮਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਅੱਜ ਪੁਲਿਸ ਲਾਇਨ ਬਟਾਲਾ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਸ੍ਰੀ ਉਮਾ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਕਿਹਾ ਕਿ ਵਿਆਹ ਪੁਰਬ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾ੍ਹੜ੍ਹਣ ਵਿੱਚ ਕੋਈ ਢਿੱਲਮੱਠ ਨਾ ਵਰਤੀ ਜਾਵੇ। ਮੀਟਿੰਗ ਦੌਰਾਨ ਵਿਧਾਇਕ ਸ਼ੈਰੀ ਕਲਸੀ ਵੀ ਪਹੁੰਚੇ ਅਤੇ ਵਿਆਹ ਪੁਰਬ ਸਮਾਗਮ ਸਬੰਧੀ ਵੱਖ-ਵੱਖ ਵਿਭਾਗਾਂ ਵਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਜਾਣਕਾਰੀ ਲਈ ਗਈ। ਇਸ ਮੌਕੇ ਐਸ.ਐਸ.ਪੀ ਬਟਾਲਾ ਸੁਹੇਲ ਕਾਸਿਮ ਮੀਰ, ਡਾ. ਸ਼ਾਇਰੀ ਭੰਡਾਰੀ ਐਸਡੀਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਵੀ ਮੋਜੂਦ ਸਨ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਬਟਾਲਾ ਸ਼ਹਿਰ ਨੂੰ ਖੂਬਸੂਰਤ ਢੰਗ ਨਾਲ ਸਜਾਵਟ ਕਰਨ ਦੇ ਨਾਲ-ਨਾਲ ਸੰਗਤਾਂ ਦੀ ਸਹੂਲਤ ਲਈ ਆਵਾਜਾਈ ਦੇ ਸੁਚਾਰੂ ਢੰਗ ਨਾਲ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਸੰਗਤਾਂ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ। ਉਨਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ਹਿਰ ਅੰਦਰ ਦਿਨ-ਰਾਤ ਸਾਫ-ਸਫ਼ਾਈ ਤੇ ਕੂੜੇ ਦੇ ਢੇਰਾਂ ਨੂੰ ਨਾਲ-ਨਾਲੋ ਚੁੱਕਣ ਦੀ ਹਦਾਇਤ ਕੀਤੀ। ਸੀਵਰੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਰੋਜਾਨਾਂ ਸੀਵਰੇਜ ਦੇ ਢੱਕਣ ਅਤੇ ਸੀਵਰੇਜ਼ ਦੀ ਬਲਾਕਜ਼ ਨਾ ਹੋਵੇ, ਦੀ ਚੈੱਕ ਕਰਨ ਦੀ ਹਦਾਇਤ ਕੀਤੀ। ਇਸੇ ਤਰਾਂ ਸਿਹਤ, ਪਾਵਰਕਾਮ ਪੀ.ਡਬਲਿਊ.ਡੀ, ਫਾਇਰ ਟੈਂਡਰ ਸਮੇਤ ਵੱਖ-ਵੱਖ ਵਿਭਾਗਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਨਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਕਿ ਉਹ ਸ਼ਹਿਰ ਦੇ ਬਾਹਰਵਾਰ ਲੱਗੇ ਨਾਕਿਆਂ ’ਤੇ ਜਿਥੋਂ ਸ਼ਹਿਰ ਵਿੱਚ ਐਂਟਰੀ ਹੁੰਦੀ ਹੈ ਓਥੇ ਟਰੈਕਟਰ-ਟਰਾਲੀਆਂ ’ਤੇ ਉੱਚੀ ਆਵਾਜ਼ ਵਾਲੇ ਸਪੀਕਰ ਤੇ ਹਾਰਨ ਵਗੈਰਾ ਵਿਰੁੱਧ ਸਖ਼ਤ ਰੁਖ ਅਪਣਾਉਣ ਤਾਂ ਜੋ ਇਸ ਮਹਾਨ ਵਿਆਹ ਪੁਰਬ ਨੂੰ ਸ਼ਰਧਾ ਪੂਰਵਕ ਤਰੀਕੇ ਨਾਲ ਮਨਾਇਆ ਜਾ ਸਕੇ। ਉਨਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਵਿਆਹ ਪੁਰਬ ਸਮਾਗਮ ਮਨਾਉਣ ਲਈ ਪ੍ਰਸ਼ਾਸ਼ਨ ਨਾਲ ਪੂਰਨ ਸਹਿਯੋਗ ਕਰਨ। ਇਸ ਮੌਕੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੱਸਿਆ ਕਿ ਸ਼ਹਿਰ ਵਿੱਚ ਖਾਸਕਰਕੇ ਨਗਰ ਕੀਰਤਨ ਰੂਟ ’ਤੇ ਵੱਖ-ਵੱਖ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਅਤੇ ਹੁੱਲੜਬਾਜ਼ੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮੀਟਿੰਗ ਵਿੱਚ ਸ੍ਰੀਮਤੀ ਜਸਵੰਤ ਕੋਰ ਐਸ.ਪੀ (ਐੱਚ) ਬਟਾਲਾ, ਜਗਤਾਰ ਸਿੰਘ ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਭਿਸ਼ੇਕ ਵਰਮਾ ਤੇ ਮਨਜੋਤ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।