ਪੇਂਡੂ ਬੇਰੁਜ਼ਗਾਰ  ਨੌਜਵਾਨਾਂ ਲਈ  ਡੇਅਰੀ ਫਾਰਮਿੰਗ ਦਾ ਸਿਖਲਾਈ ਕੋਰਸ ਮਿਤੀ 29 ਜਨਵਰੀ 2024 ਤੋਂ ਸ਼ੁਰੂ

ਗੁਰਦਾਸਪੁਰ, 24 ਜਨਵਰੀ : ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਪੇਂਡੂ  ਬੇਰੁਜ਼ਗਾਰ ਨੌਜਵਾਨ ਲੜਕੇ/ਲੜਕੀਆਂ, ਜੋ ਡੇਅਰੀ ਦਾ ਕਿੱਤਾ ਸ਼ੁਰੂ ਕਰਨਾ ਚਾਹੁੰਦੇ ਹਨ, ਡੇਅਰੀ ਸਿਖਲਾਈ ਕੋਰਸ ਵਾਸਤੇ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਗੁਰਦਾਸਪੁਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਲਾਕ-ਬੀ, ਚੌਥੀ ਮੰਜ਼ਿਲ, ਕਮਰਾ ਨੰਬਰ 508 ਵਿਖੇ ਮਿਤੀ: 29 ਜਨਵਰੀ 2024 ਤੱਕ ਅਰਜ਼ੀਆਂ ਦੇ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਵਰਿਆਮ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਗੁਰਦਾਸਪੁਰ ਨੇ ਦੱਸਿਆ ਕਿ ਖੇਤੀ ਵਿੱਚ ਵਿਭਿੰਨਤਾ ਲਿਆਉਣ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਡੇਅਰੀ ਦੇ ਕਿੱਤੇ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਲਈ 2 ਹਫ਼ਤੇ ਦੀ ਡੇਅਰੀ ਸਿਖਲਾਈ ਮਿਤੀ 29 ਜਨਵਰੀ 2024 ਤੋਂ ਡੇਅਰੀ ਸਿਖਲਾਈ ਤੇ ਵਿਸਥਾਰ ਕੇਂਦਰ, ਵੇਰਕਾ (ਜ਼ਿਲ੍ਹਾ ਅੰਮ੍ਰਿਤਸਰ) ਵਿਖੇ ਕਰਵਾਈ ਜਾਣੀ ਹੈ। ਇਸ ਸਿਖਲਾਈ ਕੋਰਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਬੇਰੁਜ਼ਗਾਰ ਨੌਜਵਾਨ ਲੜਕੇ/ਲੜਕੀਆਂ ਜੋ ਘੱਟੋ-ਘੱਟ 5ਵੀਂ ਪਾਸ ਹੋਣ, ਉਮਰ 18 ਤੋਂ 55 ਸਾਲ ਦਰਮਿਆਨ ਹੋਵੇ, ਪੇਂਡੂ ਖੇਤਰ ਨਾਲ ਸਬੰਧਿਤ ਹੋਣ, ਇਸ ਸਿਖਲਾਈ ਵਿੱਚ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਿਖਲਾਈ ਉਪਰੰਤ ਡੇਅਰੀ ਵਿਕਾਸ ਵਿਭਾਗ ਵੱਲੋਂ ਸਬੰਧਤਾਂ ਨੂੰ ਵੱਖ-ਵੱਖ ਬੈਂਕਾਂ ਤੋਂ ਡੇਅਰੀ ਕਰਜ਼ੇ ਦੀ ਸੁਵਿਧਾ ਰਾਹੀਂ 2 ਤੋਂ 20 ਪਸ਼ੂਆਂ ਦੇ ਡੇਅਰੀ ਯੂਨਿਟ ਸਥਾਪਤ ਕਰਵਾ ਕੇ 25 ਫੀਸਦੀ ਜਨਰਲ ਅਤੇ 33 ਫੀਸਦੀ  ਅ.ਜਾਤੀ. ਲਈ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ ਅਤੇ ਨਾਲ ਮੁਦਰਾ ਲੋਨ ਦੀ ਸਹੂਲਤ ਪ੍ਰਾਪਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਚਾਹਵਾਨ ਲੜਕੇ/ਲੜਕੀਆਂ ਇਸ ਸਬੰਧੀ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਗੁਰਦਾਸਪੁਰ ਨਾਲ ਆਪਣੇ ਅਸਲ ਯੋਗਤਾ ਸਰਟੀਫਿਕੇਟ ਅਤੇ ਪਾਸਪੋਰਟ ਸਾਈਜ਼ ਫ਼ੋਟੋ ਅਤੇ ਆਧਾਰ ਕਾਰਡ ਲੈ ਕੇ ਫਾਰਮ ਭਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਫੋਨ ਨੰਬਰ 8054800880, 7508973471 'ਤੇ ਸੰਪਰਕ ਕੀਤਾ ਜਾ ਸਕਦਾ ਹੈ।