ਤਰਨਤਾਰਨ ‘ਚ ਬੀਐਸਐਫ ਨੇ 500 ਗ੍ਰਾਮ ਹੈਰੋਇਨ ਕੀਤੀ ਬਰਾਮਦ

ਭਿੱਖੀਵਿੰਡ, 31 ਦਸੰਬਰ : ਗੁਆਂਢੀ ਦੇਸ਼ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਸਰਦੀ ਦੀ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਪਾਕਿ ਤਸਕਰਾਂ ਵੱਲੋਂ ਲਗਾਤਾਰ ਭਾਰਤੀ ਖੇਤਰ ਵਿੱਚ ਡਰੋਨ ਭੇਜੇ ਜਾ ਰਹੇ ਹਨ। ਤਰਨਤਾਰਨ ਦੇ ਭਿੱਖੀਵਿੰਡ ਥਾਣਾ ਖਾਲੜਾ ਅਤੇ ਸੀਮਾ ਸੁਰੱਖਿਆ ਬਲ ਨੇ ਤਲਾਸ਼ੀ ਮੁਹਿੰਮ ਦੌਰਾਨ ਇੱਕ ਡ੍ਰੋਨ ਅਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਭਿੱਖੀਵਿੰਡ ਦੇ ਡੀਐਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਸ਼ਾਮ 7.40 ਵਜੇ ਭਾਰਤ-ਪਾਕਿ ਸਰਹੱਦੀ ਚੌਕੀ ਧਰਮਾ ਤੋਂ 3.5 ਕਿਲੋਮੀਟਰ ਦੂਰ ਪਿੰਡ ਮਾੜੀ ਕੰਬੋਕੇ ਤੋਂ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਅਤੇ ਬੀਐਸਐਫ ਨੇ ਖੇਤਾਂ ‘ਚੋਂ ਚੀਨ ਦਾ ਬਣਿਆ ਡ੍ਰੋਨ ਡੀਜੀ ਮੈਟ੍ਰਿਕਸ ਅਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਖਾਲੜਾ ‘ਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।