ਪੰਘੂੜੇ ਵਿਚ ਆਈ ਇਕ ਹੋਰ ਨੰਨ੍ਹੀ ਪਰੀ, ਰੈੱਡ ਕਰਾਸ ਦੇ ਪੰਘੂੜੇ ਨੇ ਬਚਾਈ 191 ਬੱਚਿਆਂ ਦੀ ਜਾਨ

ਅੰਮ੍ਰਿਤਸਰ, 17 ਜੁਲਾਈ 2024 : ਜਿਲ੍ਹਾ ਪ੍ਰਸਾਸ਼ਨ ਵੱਲੋਂ ਸਾਲ 2008 ਵਿੱਚ  ਲਾਵਾਰਿਸ ਬੱਚਿਆਂ ਦੀ ਜਾਨ ਬਚਾਉਣ ਲਈ ਰੈਡ ਕਰਾਸ ਦੀ ਸਹਾਇਤਾ ਨਾਲ ਸ਼ੁਰੂ ਕੀਤੀ ਗਈ ਪੰਘੂੜਾ ਸਕੀਮ ਹੁਣ ਤੱਕ 191 ਬੱਚਿਆਂ ਦੀ ਜਾਨ ਬਚਾਉਣ ਵਿਚ ਕਾਮਯਾਬ ਹੋਈ ਹੈ। 13 ਜੁਲਾਈ  ਨੂੰ ਸਵੇਰ 10:30  ਵਜੇ ਇਕ ਨਵਜੰਮੀ  ਬੱਚੀ ਨੂੰ ਪੰਘੂੜੇ ਵਿੱਚ ਰੱਖ ਗਿਆ। ਇਸ ਬੱਚੀ ਨੂੰ ਤੁਰੰਤ ਮੈਡੀਕਲ ਪਾਰਵਤੀ ਦੇਵੀ ਹਸਪਤਾਲ ਭੇਜਿਆ ਗਿਆ ਗਿਆ ਸੀ ਅਤੇ ਇਸ ਵੇਲੇ ਇਹ ਬੱਚੀ ਬਿਲਕੁਲ ਤੰਦਰੁਸਤ ਹੈ ਅਤੇ ਹੁਣ ਇਹ ਬੱਚੀ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਾਮ ਥੋਰੀ ਨੇ  ਦੱਸਿਆ ਕਿ ਲਾਪਾ ਸਕੀਮ ਅਧੀਨ ਸਵਾਮੀ ਗੰਗਾ ਨੰਦ ਭੂਰੀ ਵਾਲੇ ਫਾਉਂਡੇਸ਼ਨ ਧਾਮ ਭੇਜਣ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ ਜਿਥੇ ਪਹਿਲਾਂ ਭੇਜੇ ਗਏ ਬੱਚਿਆਂ ਵਾਂਗ ਸਰਕਾਰ ਵੱਲੋ ਨਿਰਧਾਰਤ ਪ੍ਰਕਿਰਿਆ ਪੂਰੀ ਕਰਨ ਉਪਰੰਤ ਸੰਸਥਾ ਵਲੋਂ ਇਸ ਦੀ ਲੋੜਵੰਦ ਪਰਿਵਾਰ ਨੂੰ ਅਡਾਪਸ਼ਨ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਰੈੱਡ ਕਰਾਸ ਸੁਸਾਇਟੀ ਦੀ ਸਹਾਇਤਾ ਨਾਲ ਸ਼ੁਰੂ ਇਸ ਨਿਵੇਕਲੀ ਪਹਿਲ ਦੀ ਤਾਰੀਫ ਕਰਦੇ ਕਿਹਾ ਕਿ ਇਹ 191 ਮਾਸੂਮ ਜਿੰਦਾ ਨੂੰ ਬਚਾਉਣ ਵਾਲਾ ਪੰਘੂੜਾ ਜਿੱਥੇ ਮੁਬਾਰਕਵਾਦ ਦਾ ਹੱਕਦਾਰ ਹੈ, ਉਥੇ ਪੰਘੂੜੇ ਵਿਚ ਹੁਣ ਤੱਕ ਆਏ ਬੱਚਿਆਂ ਵਿਚੋਂ ਵੱਡੀ ਗਿਣਤੀ ਲੜਕੀਆਂ ਦੀ ਹੀ ਮਿਲਣਾ ਸਮਾਜ ਲਈ ਇਕ ਗੰਭੀਰਤਾ ਦਾ ਮਸਲਾ ਹੈ। ਦੱਸਣਯੋਗ ਹੈ ਕਿ ਪੰਘੂੜੇ ਵਿਚ ਆਏ ਬੱਚੇ ਦੀ ਜਾਣਕਾਰੀ ਪੰਘੂੜੇ ਹੇਠ ਲੱਗੀ ਘੰਟੀ ਤੋਂ ਰੈਡ ਕਰਾਸ ਕਰਮਚਾਰੀਆਂ ਨੂੰ ਮਿਲ ਜਾਂਦੀ ਹੈ ਅਤੇ ਉਹ ਤਰੁੰਤ ਬੱਚੇ ਨੂੰ ਨੇੜੇ ਸਥਿਤ ਪਾਰਵਤੀ ਦੇਵੀ ਹਸਪਤਾਲ ਤੋਂ ਮੈਡੀਕਲ ਸਹਾਇਤਾ ਦਿਵਾ ਦਿੰਦੇ ਹਨ।  ਦੱਸਣਯੋਗ ਹੈ ਕਿ ਪੰਘੂੜੇ ਵਿਚ ਆਏ ਬੱਚਿਆਂ ਦੀ ਮੈਡੀਕਲ ਜਾਂਚ ਪਾਰਵਤੀ ਦੇਵੀ ਹਸਪਤਾਲ ਵਿਖੇ ਕਰਵਾਈ ਜਾਂਦੀ ਹੈ ਅਤੇ ਹਸਪਤਾਲ ਵੱਲੋਂ ਕੋਈ ਵੀ ਫੀਸ ਨਹੀਂ ਲਈ ਜਾਂਦੀ ਅਤੇ ਬੱਚਿਆਂ ਦਾ ਸਾਰਾ ਇਲਾਜ ਮੁਫ਼ਤ ਵਿੱਚ ਕੀਤਾ ਜਾਂਦਾ ਹੈ।  ਇਸ ਮਗਰੋਂ ਸੁਰੱਖਿਅਤ ਪਾਲਣ ਪੋਸ਼ਣ ਅਤੇ ਚੰਗੇ ਭਵਿੱਖ ਦੀ ਆਸ ਵਿਚ ਸਰਕਾਰ ਵੱਲੋਂ ਘੋਸ਼ਿਤ ਕੀਤੀਆਂ ਸੰਸਥਾਵਾਂ ਲੀਗਲ ਅਡਾਪਸ਼ਨ ਐਡ ਪਲੇਸਮੈਂਟ ਏਜੰਸੀ ਵਿਚ ਬੱਚੇ ਦੀ ਪ੍ਰਵਰਿਸ਼ ਕਰਕੇ ਤਬਦੀਲ ਕਰ ਦਿੱਤਾ ਜਾਂਦਾ ਹੈ, ਜਿਥੋਂ ਲੋੜਵੰਦ ਪਰਿਵਾਰ ਬੱਚੇ ਨੂੰ ਗੋਦ ਲੈ ਲੈਂਦੇ ਹਨ। ਹੁਣ ਤੱਕ ਪੰਘੂੜਾ ਸਕੀਮ ਤਹਿਤ ਇਨ੍ਹਾਂ ਬੱਚਿਆਂ ਦੇ ਆਉਣ ਨਾਲ  ਬੱਚਿਆਂ ਦੀ ਗਿਣਤੀ 191 ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਬੱਚਾ ਗੋਦ ਲੈਣਾ ਚਾਹੁੰਦਾ ਹੋਵੇ ਤਾਂ ਉਹ ਆਨ ਲਾਈਨ ਵੈਬਸਾਈਟ  www.care.nic.in ਰਾਹੀਂ ਆਪਣੀ ਜਿਸਟਰੇਸ਼ਨ ਕਰਵਾ ਸਕਦੇ ਹਨ। ਸ੍ਰੀ ਸੈਮਸਨ ਮਸੀਹ, ਕਾਰਜਕਾਰੀ ਸਕੱਤਰ, ਰੈਡ ਕਰਾਸ ਸੁਸਾਇਟੀ,  ਨੇ ਦੱਸਿਆ ਕਿ  ਇਸ ਸਕੀਮ ਅਧੀਨ ਹੁਣ ਤਕ 160 ਲੜਕੀਆਂ ਅਤੇ 31 ਲੜਕੇ ਆ ਚੁਕੇ ਹਨ ।