- ਸ਼ਹਿਰ ਦੇ ਹਰ ਕੋਨੇ ਵਿੱਚ ਹੋਣਗੇ ਸਮਾਗਮ
ਅੰਮ੍ਰਿਤਸਰ 21 ਫਰਵਰੀ : ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ 23 ਫਰਵਰੀ ਤੋਂ 29 ਫਰਵਰੀ ਤੱਕ ਚੱਲਣ ਵਾਲੇ ਰੰਗਲੇ ਪੰਜਾਬ ਮੇਲੇ ਦਾ ਉਦਘਾਟਨ 23 ਫਰਵਰੀ ਨੂੰ ਖਾਲਸਾ ਕਾਲਜ ਵਿਖੇ ਕਰਨਗੇ ਅਤੇ ਇਸ ਦਿਨ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਸੁਖਵਿੰਦਰ ਦਰਸ਼ਕਾਂ ਦੇ ਰੁਬਰੂ ਹੋਣਗੇ।ਇਸ ਦਿਨ ਤੋਂ ਹੀ ਸ਼ਹਿਰ ਦਾ ਹਰ ਕੋਨਾ ਮੇਲੇ ਦੇ ਜਸ਼ਨਾਂ ਵਿੱਚ ਰੰਗਿਆ ਜਾਵੇਗਾ ਜੋ ਕਿ ਲਗਾਤਾਰ 7 ਦਿਨ ਚਲੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਇਸ 7 ਰੋਜ਼ਾ ਮੇਲੇ ਦੌਰਾਨ ਵੱਖ-ਵੱਖ ਸਮਾਗਮ ਵੱਖ-ਵੱਖ ਥਾਵਾਂ ਤੇ ਕਰਵਾਏ ਜਾ ਰਹੇ ਹਨ, ਜਿਸਦੀ ਸ਼ੁਰੂਆਤ 23 ਫਰਵਰੀ ਨੂੰ ਖਾਲਸਾ ਕਾਲਜ ਤੋਂ ਹੋਵੇਗੀ। ਉਨਾਂ ਦੱਸਿਆ ਕਿ ਇਸ ਦੌਰਾਨ 24 ਅਤੇ 25 ਫਰਵਰੀ ਨੂੰ ਪਾਰਟੀਸ਼ਨ ਮਿਊਜੀਅਮ ਵਿਖੇ ਸਵੇਰੇ 10:30 ਤੋਂ 12:30 ਵਜੇ ਤੱਕ ਲਿਟਰੇਚਰ ਫੈਸਟੀਵਲ, 24 ਫਰਵਰੀ ਨੂੰ ਸ਼ਾਮ 4:00 ਤੋਂ 6:00 ਵਜੇ ਤੱਕ ਰਣਜੀਤ ਐਵੀਨਿਊ ਗਰਾਉਂਡ ਅਤੇ 25 ਫਰਵਰੀ ਨੂੰ ਟਰੀਲੀਅਮ ਮਾਲ ਰਣਜੀਤ ਐਵੀਨਿਊ ਵਿਖੇ ਕਾਰਨੀਵਲ ਪਰੇਡ ਹੋਵੇਗੀ। ਉਨਾਂ ਦੱਸਿਆ ਕਿ ਇਸੇ ਤਰ੍ਹਾਂ 24 ਤੋਂ 29 ਫਰਵਰੀ ਤੱਕ ਸਵੇਰੇ 11:00 ਤੋਂ ਸ਼ਾਮ 5:00 ਵਜੇ ਤੱਕ ਟਾਊਨਹਾਲ ਹੈਰੀਟੇਜ ਸਟਰੀਟ ਵਿਖੇ ਸੇਵਾ ਸਟਰੀਟ ਨਾਮ ਦਾ ਇਕ ਸਮਾਗਮ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਬਲੱਡ ਡੋਨੇਸ਼ਨ ਕੈਂਪ ਤੋਂ ਇਲਾਵਾ ਲੋੜਵੰਦ ਲੋਕਾਂ ਦੀ ਸਹਾਇਤਾ ਵੀ ਕੀਤੀ ਜਾਵੇਗੀ ਅਤੇ ਇਸੇ ਤਰ੍ਹਾਂ ਹੀ 24 ਤੋਂ 29 ਫਰਵਰੀ ਤੱਕ ਸਵੇਰੇ 11:00 ਵਜੇ ਤੋਂ ਰਾਤ 10:00 ਵਜੇ ਤੱਕ ਰਣਜੀਤ ਐਵੀਨਿਊ ਦੁਸ਼ਹਿਰਾ ਗਰਾਉਂਡ ਵਿਖੇ ਫੂਡ ਸਟਰੀਟ ਅਤੇ ਸ਼ਾਪਿੰਗ ਫੈਸਟੀਵਲ ਤੋਂ ਇਲਾਵਾ ਸ਼ਾਮ 7:00 ਤੋਂ 8:30 ਵਜੇ ਤੱਕ ਸਮਰ ਪੈਲੇਸ ਕੰਪਨੀ ਬਾਗ ਵਿਖੇ ਡਿਜੀਟਲ ਫੈਸਟ ਅਤੇ ਇਸੇ ਤਰ੍ਹਾਂ ਹੀ 28 ਫਰਵਰੀ ਨੂੰ ਛੱਡ ਕੇ ਸ਼ਾਮ 7:00 ਵਜੇ ਤੋਂ ਰਣਜੀਤ ਐਵੀਨਿਊ ਦੁਸ਼ਹਿਰਾ ਗਰਾਉਂਡ ਵਿਖੇ ਇਕ ਰੰਗਾਰੰਗ ਪ੍ਰੋਗਰਾਮ ਜਿਸ ਵਿੱਚ ਪ੍ਰਸਿੱਧ ਗਾਇਕ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ 25 ਫਰਵਰੀ ਨੂੰ ਸਵੇਰੇ 7:00 ਤੋਂ 9:00 ਵਜੇ ਤੱਕ ਅਨੰਦ ਅੰਮ੍ਰਿਤ ਪਾਰਕ ਤੋਂ ਸਾਡਾ ਪਿੰਡ ਤੱਕ ਗ੍ਰੀਨਥਨ, 26 ਫਰਵਰੀ ਨੂੰ ਸ਼ਾਮੀ 7:00 ਤੋਂ ਕਿਲ੍ਹਾ ਗੋਬਿੰਦਗੜ੍ਹ ਵਿਖੇ ਪੰਜਾਬੀ ਫੋਕ ਨਾਇਟ ਅਤੇ 29 ਫਰਵਰੀ ਨੂੰ ਰਣਜੀਤ ਐਵੀਨਿਊ ਗਰਾਉਂਡ ਵਿਖੇ ਸ਼ਾਮੀ 6:30 ਵਜੇ ਇਸਦੀ ਸਮਾਪਤੀ ਸਮਾਗਮ ਹੋਵੇਗਾ। ਮੇਲੇ ਦੀ ਤਿਆਰੀਆਂ ਸਬੰਧੀ ਡਿਪਟੀ ਕਮਿਸ਼ਨਰ ਵਲੋਂ ਖਾਲਸਾ ਕਾਲਜ ਵਿਖੇ ਵੱਖ -ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਤਿਆਰੀਆਂ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਾ ਰਹਿਣ ਦਿੱਤੀ ਜਾਵੇ। ਉਨਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਆਪਣੀਆਂ ਡਿਊਟੀਆਂ ਪ੍ਰਤੀ ਜਿੰਮੇਵਾਰੀ ਢੰਗ ਨਾਲ ਕੰਮ ਕਰਨ ਤਾਂ ਜੋ ਇਸ ਮੇਲੇ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ।