ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਦੀ ਉਮੀਦਵਾਰਾਂ ਨੂੰ ਅਪੀਲ

ਅੰਮ੍ਰਿਤਸਰ, 2 ਜੂਨ : 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣੇ ਹਨ। ਇਸ ਦੇ ਨਾਲ ਹੀ ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦੀ ਹਫ਼ਤੇ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ‘ਜੂਨ 1984 ਘੱਲੂਘਾਰਾ ਸ਼ਹੀਦੀ ਹਫ਼ਤੇ ਦੇ ਚਲਦਿਆਂ ਇਨ੍ਹਾਂ ਦਿਹਾੜਿਆਂ ਪ੍ਰਤੀ ਸਿੱਖਾਂ ਭਾਵਨਾਵਾਂ ਦੇ ਮੱਦੇਨਜ਼ਰ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਜਿੱਤਣ ਵਾਲੇ ਉਮੀਦਵਾਰ ਢੋਲ-ਢਮੱਕੇ ਨਾਲ ਜਾਂ ਸਪੀਕਰ ਲਗਾ ਕੇ ਖੁਸ਼ੀ ਦਾ ਜਸ਼ਨ ਬਿਲਕੁਲ ਨਾ ਕਰਨ। ਗੁਰੂ ਘਰ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਜ਼ਰੂਰ ਕਰਨ। ਜਥੇਦਾਰ ਗਿਆਨੀ ਰਘਬੀਰ ਸਿੰਘ  ਨੇ ਜਾਰੀ ਹੁਕਮ ਵਿੱਚ ਕਿਹਾ ਕਿ 4 ਜੂਨ ਨੂੰ ਲੋਕ ਸਭਾ ਚੋਣਾਂ 2024 ਦਾ ਨਤੀਜਾ ਆਉਣਾ ਹੈ। ਇਸ ਦੇ ਨਾਲ ਹੀ ਜੂਨ ਦਾ ਪਹਿਲਾ ਹਫ਼ਤਾ ਵੀ ਸਿੱਖ ਕੌਮ ਵੱਲੋਂ ਸ਼ਹੀਦੀ ਹਫ਼ਤੇ ਦੇ ਨਾਂ ਹੇਠ ਮਨਾਇਆ ਜਾਂਦਾ ਹੈ, ਕਿਉਂਕਿ ਜੂਨ ਮਹੀਨੇ 'ਚ 1984 ਨੂੰ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਹਰਮੰਦਿਰ ਸਾਹਿਬ 'ਤੇ ਭਾਰਤੀ ਹਕੂਮਤ ਵੱਲੋਂ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ, ਜਿਸ ਦੌਰਾਨ ਹਜ਼ਾਰਾਂ ਸਿੰਘ-ਸਿੰਘਣੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਨ੍ਹਾਂ ਨੂੰ ਸਮੁੱਚੇ ਸੰਸਾਰ 'ਚ ਵੱਸਦੇ ਸਿੱਖ ਸ਼ਰਧਾਂਜਲੀ ਭੇਂਟ ਕਰਦੇ ਹਨ ਅਤੇ ਜੂਨ ਦੇ ਇਸ ਪਹਿਲੇ ਹਫ਼ਤੇ ਨੂੰ ਦੁਖਦਾਈ ਯਾਦ ਵੱਜੋਂ ਮਨਾਉਂਦਾ ਹੈ। ਉਨ੍ਹਾਂ ਕਿਹਾ ਕਿ ਜੂਨ 84 ਦੇ ਇਸ ਘੱਲੂਘਾਰੇ ਨੂੰ ਤੀਜੇ ਘੱਲੂਘਾਰੇ ਦਾ ਨਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਿੱਤਾ ਗਿਆ ਹੈ। ਇਸ ਲਈ ਅਪੀਲ ਕੀਤੀ ਜਾਂਦੀ ਹੈ ਕਿ 4 ਜੂਨ ਨੂੰ ਜਿਹੜੇ ਉਮੀਦਵਾਰ ਲੋਕ ਸਭਾ ਚੋਣਾਂ ਵਿੱਚ ਜਿੱਤ ਕੇ ਆਉਂਦੇ ਹਨ, ਉਹ ਸ਼ਹੀਦੀ ਹਫ਼ਤੇ ਦੇ ਚਲਦਿਆਂ ਇਨ੍ਹਾਂ ਦਿਹਾੜਿਆਂ ਪ੍ਰਤੀ ਸਿੱਖਾਂ ਭਾਵਨਾਵਾਂ ਦੇ ਮੱਦੇਨਜ਼ਰ ਨਤੀਜਿਆਂ ਮਗਰੋਂ ਢੋਲ-ਢਮੱਕੇ ਨਾਲ ਜਾਂ ਸਪੀਕਰ ਲਗਾ ਕੇ ਖੁਸ਼ੀ ਦਾ ਜਸ਼ਨ ਬਿਲਕੁਲ ਨਾ ਕਰਨ। ਸਗੋਂ ਗੁਰੂ ਘਰ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਜ਼ਰੂਰ ਕਰਨ।