ਕਤਲ ਕਰਨ ਤੋਂ ਬਾਅਦ ਪਤੀ ਨੇ ਪਤਨੀ ਦੀ ਲਾਸ਼ ਸਾੜਨ ਦੀ ਕੀਤੀ ਕੋਸ਼ਿਸ਼, ਪੁਲਿਸ ਨੇ ਕਬਜ਼ੇ 'ਚ ਲਈ ਅੱਧ ਸੜੀ ਲਾਸ਼

ਦੀਨਾਨਗਰ, 16 ਫਰਵਰੀ : ਹਲਕਾ ਦੀਨਾਨਗਰ ਦੇ ਪਿੰਡ ਪਨਿਆੜ ਵਿੱਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਤੀ ਨੇ ਪਤਨੀ ਦਾ ਕਤਲ ਕਰਕੇ ਘਰ ਵਿੱਚ ਹੀ ਚਿਖਾ ਬਣਾ ਕੇ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਜਦੋਂ ਪਿੰਡ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਔਰਤ ਦੀ ਅੱਧ ਸੜੀ ਲਾਸ਼ ਬਰਾਮਦ ਕੀਤੀ। ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਉਹ ਫਰਾਰ ਦੱਸਿਆ ਜਾ ਰਿਹਾ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਗਿਆ ਹੈ। ਮ੍ਰਿਤਕਾ ਦੇ ਭਰਾ ਪ੍ਰੀਤਮ ਸਿੰਘ ਪੁੱਤਰ ਸੌਦਾਗਰ ਰਾਮ ਵਾਸੀ ਪਿੰਡ ਗਂਜਾ ਥਾਣਾ ਦੋਰਾਂਗਲਾ ਅਤੇ ਉਸ ਦੇ ਭਤੀਜੇ ‌ਨੇ ਦੱਸਿਆ ਕਿ ਮਹਿੰਦਰੋ ਉਰਫ਼ ਗੁੱਡੂ ਦਾ ਵਿਆਹ ਕਰੀਬ 35 ਸਾਲ ਪਹਿਲਾਂ ਪਨੀਆੜ ਵਾਸੀ ਸੰਸਾਰ ਚੰਦ ਨਾਲ ਹੋਇਆ ਸੀ। ਉਸ ਦਾ ਪਤੀ ਸੰਸਾਰ ਚੰਦ ਸ਼ਰਾਬ ਪੀ ਕੇ ਅਕਸਰ ਉਸ ਦੀ ਕੁੱਟਮਾਰ ਕਰਦਾ ਰਹਿੰਦਾ ਸੀ। ਪਿਛਲੇ ਕੁਝ ਦਿਨਾਂ ਤੋਂ ਦੋਵੇਂ ਫਿਰ ਆਪਸ 'ਚ ਲੜ ਰਹੇ ਸਨ। ਉਸ ਨੂੰ ਇਸ ਗੱਲ ਦਾ ਪਤਾ ਸੀ ਪਰ ਘਰੇਲੂ ਰੁਝੇਵਿਆਂ ਕਾਰਨ ਉਹ ਆਪਣੀ ਭੈਣ ਕੋਲ ਨਹੀਂ ਜਾ ਸਕਿਆ। ਵੀਰਵਾਰ ਸਵੇਰੇ ਕਰੀਬ 9 ਵਜੇ ਉਹ ਆਪਣੇ ਘਰ ਮੌਜੂਦ ਸੀ ਜਦੋਂ ਉਸ ਦੇ ਭਤੀਜੇ ਜਸਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਪਨਿਆੜ ਤੋਂ ਫੋਨ ਆਇਆ ਸੀ ਕਿ ਮਹਿੰਦਰੂ ਦਾ ਉਸ ਦੇ ਪਤੀ ਸੰਸਾਰ ਚੰਦ ਵੱਲੋਂ ਬੁੱਧਵਾਰ ਰਾਤ ਕਤਲ ਕਰ ਦਿੱਤਾ ਗਿਆ ਹੈ। ਦੋਸ਼ੀ ਨੇ ਘਰ 'ਚ ਹੀ ਚਿਖਾ ਬਣਾ ਕੇ ਉਸ ਦੀ ਲਾਸ਼ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜਦੋਂ ਪਿੰਡ ਦੇ ਲੋਕਾਂ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ 112 ਨੰਬਰ ਤੇ ਸ਼ਿਕਾਇਤ ਮਿਲਣ ਤੇ ਉਹ ਰਾਤ ਲਗਭਗ 11 ਵਜੇ ‌ ਪਿੰਡ ਪਨਿਆੜ ਪਹੁੰਚੇ ਅਤੇ ਬਲਦੀ ਚਿਤਾ ਵਿੱਚੋ ਅੱਧ ਸੜੀ ਲਾਸ਼ ਨੂੰ ਬਾਹਰ ਕੱਢਿਆ।  ਉਨ੍ਹਾਂ ਨੂੰ ਪਤਾ ਲੱਗਿਆ ਕਿ ਮਹਿੰਦਰੂ ਦਾ ਉਸ ਦੇ ਪਤੀ ਸੰਸਾਰ ਚੰਦ ਵੱਲੋਂ ਕਤਲ ਕਰਕੇ ਲਕੜੀਆਂ ਇਕੱਠੀਆ ਕਰਕੇ  ਘਰ ਦੇ ਅੰਦਰ ਹੀ ਉਸ ਦੀ ਲਾਸ਼ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਦੋਸ਼ੀ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।