ਪੈਨਸ਼ਨ ਸਕੀਮਾਂ ਤਹਿਤ ਜ਼ਿਲ੍ਹਾ ਤਰਨ ਤਾਰਨ ਦੇ 1,70,350 ਯੋਗ ਲਾਭਪਾਤਰੀਆਂ ਨੂੰ ਦਿੱਤੀ ਗਈ 25 ਕਰੋੜ 55 ਲੱਖ 25 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ : ਡਿਪਟੀ ਕਮਿਸ਼ਨਰ

  • ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਅਤੇ ਹੋਰ ਸਮਾਜਿਕ ਸੁਰੱਖਿਆ ਪੈਨਸ਼ਨਾਂ ਤਹਿਤ ਯੋਗ ਲਾਭਪਾਤਰੀਆਂ ਨੂੰ ਦਿੱਤੀ ਜਾ ਰਹੀ ਹੈ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੀ ਸਹੂਲਤ

ਤਰਨ ਤਾਰਨ, 09 ਜਨਵਰੀ : ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਤਹਿਤ ਮਹੀਨਾ ਦਸੰਬਰ, 2023 ਦੌਰਾਨ ਜ਼ਿਲਾ ਤਰਨਤਾਰਨ ਦੇ 1,70,350 ਯੋਗ ਲਾਭਪਾਤਰੀਆਂ ਨੂੰ 25 ਕਰੋੜ 55 ਲੱਖ 25 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਪੈਨਸ਼ਨ ਸਕੀਮਾਂ ਤਹਿਤ ਸਹਾਇਤਾ ਰਾਸ਼ੀ ਦਾ ਭੁਗਤਾਨ ਆੱਨਲਾਈਨ ਅਦਾਇਗੀ ਰਾਹੀਂ ਸਿੱਧਾ ਯੋਗ ਲਾਭਪਾਤਰੀਆਂ ਦੇ ਬੈਂਕ ਖਾਤੇ ਵਿੱਚ ਕੀਤਾ ਜਾਂਦਾ ਹੈ। ਉਹਨਾਂ ਦੱਸਿਆਂ ਕਿ ਪੈਨਸ਼ਨ ਸਕੀਮਾਂ ਅਧੀਨ ਮਹੀਨਾ ਦਸੰਬਰ, 2023 ਦੀ ਪੈਨਸ਼ਨ ਰਾਸ਼ੀ ਤਹਿਤ ਬੁਢਾਪਾ ਪੈਨਸ਼ਨ ਦੇ 1,15,602 ਲਾਭਪਾਤਰੀਆਂ ਨੂੰ 17 ਕਰੋੜ 34 ਲੱਖ 03 ਹਜ਼ਾਰ ਰੁਪਏ, ਵਿਧਵਾ ਤੇ ਨਿਆਸ਼ਰਿਤ ਔਰਤਾਂ ਨੂੰ ਪੈਨਸ਼ਨ ਤਹਿਤ 28,664 ਲਾਭਪਾਤਰੀਆਂ ਨੂੰ 04 ਕਰੋੜ 29 ਲੱਖ 96 ਹਜ਼ਾਰ ਰੁਪਏ ਅਤੇ 12,878 ਆਸ਼ਰਿਤ ਬੱਚਿਆਂ ਨੂੰ 01 ਕਰੋੜ 93 ਲੱਖ 17 ਹਜ਼ਾਰ ਰੁਪਏ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ 13,206 ਦਿਵਿਆਂਗਜਨ ਪੈਨਸ਼ਰਾਂ ਨੂੰ 1 ਕਰੋੜ 98 ਲੱਖ 09 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਤਰਨ ਤਾਰਨ ਡਾ. ਕਿਰਤਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਅਤੇ ਹੋਰ ਸਮਾਜਿਕ ਸੁਰੱਖਿਆ ਪੈਨਸ਼ਨਾਂ ਤਹਿਤ ਯੋਗ ਲਾਭਪਾਤਰੀਆਂ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਸਕੀਮ ਅਧੀਨ 65 ਸਾਲ ਤੋ ਵੱਧ ਪੁਰਸ਼ਾਂ ਅਤੇ 58 ਸਾਲ ਤੋ ਵੱਧ ਉਮਰ ਦੀਆਂ ਔਰਤਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਵਿਧਵਾ ਅਤੇ ਨਿਆਸ਼ਰਿਤ ਔਰਤਾਂ ਨੂੰ ਪੈਨਸ਼ਨ ਦੇਣ ਦੀ ਸਕੀਮ ਅਧੀਨ 58 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਅਤੇ ਨਿਆਸ਼ਰਿਤ ਔਰਤਾਂ ਨੂੰ ਸਰਕਾਰ ਵੱਲੋ 1500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਆਸ਼ਰਿਤ ਬੱਚਿਆਂ ਦੀ ਵਿੱਤੀ ਸਹਾਇਤਾ ਸਕੀਮ ਅਧੀਨ ਵਿਧਵਾ ਔਰਤ ਦੇ ਦੋ ਬੱਚਿਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ, ਜਿਸ ਦੀ ਉਮਰ 21 ਸਾਲ ਤੋ ਵੱਧ ਨਾ ਹੋਵੇ।ਇਸ ਸਕੀਮ ਤਹਿਤ ਸਰਕਾਰ ਵੱਲੋ 1500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਦੇਣ ਦੀ ਸਕੀਮ ਅਧੀਨ ਜਿਸ ਵਿਅਕਤੀ ਦੀ ਦਿਵਿਆਂਗਤਾ 50 ਫੀਸਦੀ ਜਾਂ ਇਸ ਤੋ ਵੱਧ ਹੋਵੇ ਉਸ ਨੂੰ 1500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ।