ਬਾਬਾ ਜੀਤ ਸਿੰਘ ਜੌਹਲਾਂ ਵਾਲਿਆਂ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ 103 ਕੁਇੰਟਲ ਕਣਕ ਤੇ 1 ਲੱਖ 11 ਹਜ਼ਾਰ ਰੁਪਏ ਭੇਟ

ਅੰਮ੍ਰਿਤਸਰ, 1 ਜੂਨ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਅੱਜ ਬਾਬਾ ਜੀਤ ਸਿੰਘ ਨਿਰਮਲ ਕੁਟੀਆਂ ਜੌਹਲਾਂ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 103 ਕੁਇੰਟਲ ਕਣਕ, 1 ਲੱਖ 11 ਹਜ਼ਾਰ ਰੁਪਏ ਅਤੇ 6000 ਕੈਨੇਡੀਅਨ ਡਾਲਰ ਦੀ ਰਾਸ਼ੀ ਭੇਟ ਕੀਤੀ ਗਈ। ਲੰਗਰ ਲਈ ਸੇਵਾ ਲੈ ਕੇ ਪੁੱਜੇ ਬਾਬਾ ਜੀਤ ਸਿੰਘ ਤੇ ਹੋਰਾਂ ਨੂੰ ਸ੍ਰੀ ਦਰਬਾਰ ਸਾਹਿਬ ਵੱਲੋਂ ਵਧੀਕ ਮੈਨੇਜਰ ਸ. ਰਵਿੰਦਰਜੀਤ ਸਿੰਘ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। 
ਇਸ ਮੌਕੇ ਬਾਬਾ ਜੀਤ ਸਿੰਘ ਜੌਹਲਾਂ ਵਾਲਿਆਂ ਨੇ ਕਿਹਾ ਕਿ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰਾਂ ਤੋਂ ਸ਼ਲਾਘਾਯੋਗ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਪੁੱਜਦੀ ਹੈ ਅਤੇ ਲੰਗਰ ਸ੍ਰੀ ਗੁਰੂ ਰਾਮਦਾਸ ਵਿਖੇ ਲੱਖਾਂ ਸੰਗਤਾਂ ਪ੍ਰਸ਼ਾਦਾ ਛਕਦੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰਾਂ ਵਿਚ ਸੇਵਾ ਕਰਕੇ ਹਰ ਸਿੱਖ ਆਪਣੇ ਆਪ ਨੂੰ ਵਡਭਾਗਾ ਸਮਝਦਾ ਹੈ ਅਤੇ ਸਤਿਗੁਰੂ ਦੀ ਰਹਿਮਤ ਸਦਕਾ ਉਹ ਹਰ ਸਾਲ ਸੰਗਤਾਂ ਦੇ ਸਹਿਯੋਗ ਨਾਲ ਸੇਵਾ ਲੈ ਕੇ  ਆਉਂਦੇ ਹਨ। ਇਸ ਮੌਕੇ ਬਾਬਾ ਜਤਿੰਦਰ ਸਿੰਘ, ਬਾਬਾ ਬਲਵਿੰਦਰ ਸਿੰਘ, ਬਾਬਾ ਜਸਪ੍ਰੀਤ ਸਿੰਘ, ਸ. ਪਰਮਿੰਦਰ ਸਿੰਘ ਭੰਡਾਲ, ਡਾ. ਸੁਖਬੀਰ ਸਿੰਘ, ਸ. ਮੱਖਣ ਸਿੰਘ ਨੰਬਰਦਾਰ, ਸ. ਅਵਤਾਰ ਸਿੰਘ,  ਸ. ਆਰ ਪੀ ਸਿੰਘ, ਸ. ਸਤਿਆਵਾਨ ਸਿੰਘ, ਸ. ਕੁਲਦੀਪ ਸਿੰਘ ਸੋਢੀ, ਸ. ਭੁਪਿੰਦਰ ਸਿੰਘ, ਸ. ਸੀਤਲ ਸਿੰਘ ਆਦਿ ਹਾਜ਼ਰ ਸਨ।