ਨਿਊਜ਼ੀਲੈਂਡ, 28 ਦਸੰਬਰ : ਚੀਨ ਦੇ ਵਿਚ ਫੈਲ ਰਹੇ ਕਰੋਨਾ ਦੀ ਨਵੀਂ ਕਿਸਮ ਕਰਕੇ ਨਿਊਜ਼ੀਲੈਂਡ ਦੀਆਂ ਸਰਹੱਦਾਂ ਤੇ ਕੋਈ ਨਵੀਂ ਸ਼ਰਤ ਲਗਾਉਣ ਦਾ ਕੋਈ ਇਰਾਦਾ ਨਹੀਂ ਹੈ, ਇਸ ਸਬੰਧੀ ਸਿਹਤ ਮੰਤਰਾਲਾ ਨਿਊਜ਼ੀਲੈਂਡ ਵੱਲੋਂ ਇੱਕ ਬਿਆਨ ਸਾਹਮਣੇ ਆਇਆ ਹੈ। ਚੀਨ ਇਸ ਵੇਲੇ ਉਥੇ ਆਉਣ ਵਾਲੇ ਯਾਤਰੀਆਂ ਉਤੇ ਕਈ ਤਰ੍ਹਾਂ ਦੇ ਨਿਯਮ ਲਾਗੂ ਕਰ ਰਿਹਾ ਹੈ ਅਤੇ ਇਸਦੇ ਨਾਲ ਹੀ ਜੇਕਰ ਕੋਈ ਬਾਹਰ ਜਾਣਾ ਚਾਹੁੰਦਾ ਹੈ ਤਾਂ 8 ਜਨਵਰੀ ਤੋਂ ਜਾ ਸਕਦਾ ਹੈ। ਵਰਨਣਯੋਗ ਹੈ ਕਿ ਚੀਨ ਸਮੇਤ ਕਈ ਦੇਸ਼ਾਂ ਵਿਚ ਕਰੋਨਾ ਵਧਣ ਕਰਕੇ ਭਾਰਤ ਅਤੇ ਜਾਪਾਨ ਨੇ ਆਉਣ ਵਾਲੇ ਯਾਤਰੀਆਂ ਵਾਸਤੇ ਕਰੋਨਾ ਟੈਸਟ ਨੈਗੇਟਿਵ ਹੋਣਾ ਲਾਜ਼ਮੀ ਕਰ ਦਿੱਤਾ ਹੈ। ਨਿਊਜ਼ੀਲੈਂਡ ਦਾ ਸਿਹਤ ਮੰਤਰਾਲਾ ਸਾਰਾ ਵਰਤਾਰ ਨੇੜਿਓ ਵੇਖ ਤਾਂ ਰਿਹਾ ਹੈ, ਪਰ ਅਜੇ ਨਵੇਂ ਨਿਯਮ ਲਾਗੂ ਕਰਨ ਦਾ ਇਰਾਦਾ ਨਹੀਂ ਰੱਖਦਾ। ਖਾਸ ਗੱਲ ਇਹ ਵੀ ਹੈ ਕਿ ਚੀਨ ਤੋਂ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਇਥੇ ਦੂਜੇ ਨੰਬਰ ਉਤੇ ਹੈ ਅਤੇ ਸਾਲ 2019 ਦੇ ਵਿਚ ਚੀਨ ਵਾਲਿਆਂ ਨੇ 1.7 ਬਿਲੀਅਨ ਡਾਲਰ ਖਰਚ ਕਰ ਦਿੱਤੇ ਸਨ।