ਬੈਂਕਾਕ : ਇਕ ਸਿਰਫਿਰੇ ਸਾਬਕਾ ਪੁਲਿਸ ਮੁਲਾਜ਼ਮ ਦੀ ਵਹਿਸ਼ੀ ਹਰਕਤ ਨਾਲ ਥਾਈਲੈਂਡ ਸਦਮੇ ’ਚ ਹੈ। ਸਿਰਫਿਰੇ ਨੇ ਇਕ ਚਾਈਲਡ ਡੇ-ਕੇਅਰ ਸੈਂਟਰ ’ਤੇ ਹਮਲਾ ਕਰ ਕੇ ਖ਼ੂਨ ਖ਼ਰਾਬਾ ਕੀਤਾ ਸੀ। ਇਸ ਘਟਨਾ ’ਚ 23 ਬੱਚੇ ਤੇ 14 ਬਾਲਗ ਮਾਰੇ ਗਏ ਸਨ, ਜਿਸ ’ਚ ਖ਼ੁਦ ਮੁਲਜ਼ਮ, ਉਸ ਦੀ ਪਤਨੀ ਤੇ ਬੇਟਾ ਸ਼ਾਮਲ ਸਨ। ਮ੍ਰਿਤਕਾਂ ਦੇ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਪ੍ਰਯੁਥ ਚਾਨ ਓਚਾ ਸਮੇਤ ਵੱਡੀ ਗਿਣਤੀ ’ਚ ਸਿਆਸਤਦਾਨਾਂ ਤੇ ਹੋਰ ਲੋਕਾਂ ਨੇ ਡੇ-ਕੇਅਰ ਸੈਂਟਰ ’ਚ ਸ਼ਰਧਾਂਜਲੀ ਭੇਟ ਕੀਤੀ। ਥਾਈਲੈਂਡ ਦੇ ਰਾਜਾ ਮਹਾ ਵਜਿਰਾਲਾਂਗਕਾਰਨ ਤੇ ਰਾਣੀ ਸੁਥਿਦਾ ਨੇ ਹਸਪਤਾਲ ਜਾ ਕੇ ਜ਼ਖ਼ਮੀਆਂ ਦਾ ਹਾਲ ਚਾਲ ਜਾਣਿਆ। ਉੱਥੇ, ਕਰੀਬ 10 ਲੋਕ ਭਰਤੀ ਹਨ। ਰਾਜਧਾਨੀ ਬੈਂਕਾਕ ਦੇ ਸੈਂਟਰਲ ਪਾਰਕ ’ਚ ਇਕ ਸ਼ੋਕ ਸਭਾ ਵੀ ਰੱਖੀ ਗਈ। ਉੱਥੇ, ਹਮਲੇ ’ਚ ਆਪਣੀ ਗਰਭਵਤੀ ਪਤਨੀ ਨੂੰ ਗੁਆ ਦੇਣ ਵਾਲੇ 28 ਸਾਲਾ ਸੈਕਸਨ ਸਿਰਾਜ ਦਾ ਰੋ-ਰੋ ਕੇ ਬੁਰਾ ਹਾਲ ਹੈ। ਕਿਹਾ, ਪਤਨੀ ਇਸੇ ਮਹੀਨੇ ਬੱਚੇ ਨੂੰ ਜਨਮ ਦੇਣ ਵਾਲੀ ਸੀ। ਬਦਹਵਾਸ ਸਿਰਾਜ ਕਹਿੰਦੇ ਹਨ ਕਿ ਮੇਰੀ ਪਤਨੀ ਤੇ ਬੱਚਾ ਇਕਦਮ ਸ਼ਾਂਤੀ ’ਚ ਪਹੁੰਚ ਗਏ। ਮੈਂ ਹਾਲੇ ਤਕ ਜਿਊਂਦਾ ਹਾਂ, ਜੇਕਰ ਮੈਂ ਆਪਣੀ ਪਤਨੀ ਤੇ ਬੱਚੇ ਕੋਲ ਨਹੀਂ ਗਿਆ ਤਾਂ ਉਹ ਲੋਕ ਚਿੰਤਤ ਹੋਣਗੇ ਤੇ ਫਿਰ ਪੁਨਰਜਨਮ ਨਹੀਂ ਲੈਂਦੇ। ਜ਼ਿਕਰਯੋਗ ਹੈ ਕਿ ਚਾਈਲਡ ਡੇ-ਕੇਅਰ ਸੈਂਟਰ ’ਤੇ ਹਮਲੇ ਤੋਂ ਬਾਅਦ ਹੱਤਿਆ ਦੇ ਮੁਲਜ਼ਮ ਨੇ ਘਰ ਪਹੁੰਚ ਕੇ ਆਪਣੀ ਪਤਨੀ ਤੇ ਬੱਚੇ ਨੂੰ ਮਾਰਨ ਤੋਂ ਬਾਅਦ ਖ਼ੁਦ ਵੀ ਆਤਮ ਹੱਤਿਆ ਕਰ ਲਈ ਸੀ।