ਮੱਧ ਬੁਰਕੀਨਾ ਫਾਸੋ ’ਚ ਅੱਤਵਾਦੀ ਹਮਲਾ, 100 ਲੋਕਾਂ ਦੀ ਮੌਤ

ਜਿਬੋ, 27 ਅਗਸਤ 2024 : ਅਫ਼ਰੀਕੀ ਦੇਸ਼ ਬੁਰਕੀਨਾ ਫਾਸੋ ਦੇ ਇਕ ਪਿੰਡ ’ਚ ਅਲ-ਕਾਇਦਾ ਨਾਲ ਜੁੜੇ ਅਤਿਵਾਦੀਆਂ ਦੇ ਹਮਲੇ ’ਚ 100 ਪਿੰਡ ਵਾਸੀ ਅਤੇ ਫੌਜੀ ਮਾਰੇ ਗਏ। ਇਕ ਮਾਹਰ ਨੇ ਹਮਲੇ ਨਾਲ ਜੁੜੇ ਵੀਡੀਉ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਹ ਜਾਣਕਾਰੀ ਦਿਤੀ। ਇਸ ਹਮਲੇ ਨੂੰ ਇਸ ਸਾਲ ਦੇ ਸੰਘਰਸ਼ ਗ੍ਰਸਤ ਬੁਰਕੀਨਾ ਫਾਸੋ ਵਿਚ ਹੋਏ ਸੱਭ ਤੋਂ ਘਾਤਕ ਹਮਲਿਆਂ ਵਿਚੋਂ ਇਕ ਦਸਿਆ ਜਾ ਰਿਹਾ ਹੈ। ਸੁਰੱਖਿਆ ਥਿੰਕ ਟੈਂਕ ‘ਸੌਫਾਨ ਸੈਂਟਰ’ ਦੇ ਸੀਨੀਅਰ ਰੀਸਰਚ ‘ਫੈਲੋ’ ਵਸੀਮ ਨਸਰ ਨੇ ਕਿਹਾ ਕਿ ਰਾਜਧਾਨੀ ਓਆਗਾਡੌਗੂ ਤੋਂ 80 ਕਿਲੋਮੀਟਰ ਦੂਰ ਬਾਰਸਾਲੋਘੋ ਕਮਿਊਨ ਦੇ ਪਿੰਡ ਵਾਸੀ ਸਨਿਚਰਵਾਰ ਨੂੰ ਸੁਰੱਖਿਆ ਚੌਕੀਆਂ ਅਤੇ ਪਿੰਡਾਂ ਦੀ ਸੁਰੱਖਿਆ ਲਈ ਬਣਾਏ ਗਏ ਖੱਡੇ ਪੁੱਟਣ ਵਿਚ ਸੁਰੱਖਿਆ ਬਲਾਂ ਦੀ ਮਦਦ ਕਰ ਰਹੇ ਸਨ। ਨਸਰ ਮੁਤਾਬਕ ਅਲ-ਕਾਇਦਾ ਨਾਲ ਜੁੜੇ ਜਮਾਤ ਨੁਸਰਤ ਅਲ-ਇਸਲਾਮ ਅਲ-ਮੁਸਲਿਮੀਨ (ਜੇ.ਐਨ.ਆਈ.ਐਮ.) ਸਮੂਹ ਦੇ ਅਤਿਵਾਦੀਆਂ ਨੇ ਪਿੰਡ ’ਚ ਗੋਲੀਬਾਰੀ ਕੀਤੀ। ਅਲ-ਕਾਇਦਾ ਨੇ ਐਤਵਾਰ ਨੂੰ ਇਕ ਬਿਆਨ ਵਿਚ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਇਸ ਨੇ ਦਾਅਵਾ ਕੀਤਾ ਕਿ ਉਸ ਨੇ ਕਾਯਾ ਸ਼ਹਿਰ ਬਾਰਸਲੋਗ ਵਿਚ ‘ਇਕ ਫੌਜੀ ਚੌਕੀ ’ਤੇ ਪੂਰਾ ਕੰਟਰੋਲ’ ਹਾਸਲ ਕਰ ਲਿਆ ਹੈ। ਕਾਯਾ ਰਣਨੀਤਕ ਤੌਰ ’ਤੇ ਮਹੱਤਵਪੂਰਨ ਸ਼ਹਿਰ ਹੈ ਜਿੱਥੇ ਸੁਰੱਖਿਆ ਬਲਾਂ ਅਤੇ ਅਤਿਵਾਦੀ ਸਮੂਹਾਂ ਵਿਚਾਲੇ ਕਈ ਮੁਕਾਬਲੇ ਹੋਏ ਹਨ ਜੋ ਓਆਗਾਡੌਗੂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਨਸਰ ਨੇ ਕਿਹਾ ਕਿ ਹਮਲੇ ਦੀਆਂ ਵੀਡੀਉ ਜ਼ਰੀਏ ਘੱਟੋ-ਘੱਟ 100 ਲਾਸ਼ਾਂ ਗਿਣੀਆਂ ਗਈਆਂ ਹਨ। ਵੀਡੀਉ ਵਿਚ ਗੋਲੀਬਾਰੀ ਦੀ ਆਵਾਜ਼ ਵਿਚ ਖੱਡਾਂ ਅਤੇ ਕਾਹੀਆਂ ਦੇ ਨੇੜੇ ਲਾਸ਼ਾਂ ਦੇ ਢੇਰ ਪਏ ਵਿਖਾਈ ਦੇ ਰਹੇ ਹਨ। ਬੁਰਕੀਨਾ ਫਾਸੋ ਦੇ ਸੁਰੱਖਿਆ ਮੰਤਰੀ ਮਹਾਮਾਦੂ ਸਨਾ ਨੇ ਐਤਵਾਰ ਨੂੰ ਕਿਹਾ ਕਿ ਸਰਕਾਰ ਨੇ ਹਮਲੇ ਦਾ ਸਖਤ ਜਵਾਬ ਦਿਤਾ ਹੈ। ਉਨ੍ਹਾਂ ਨੇ ਹਮਲੇ ’ਚ ਮਾਰੇ ਗਏ ਲੋਕਾਂ ਦੀ ਅਸਲ ਗਿਣਤੀ ਨਹੀਂ ਦੱਸੀ ਪਰ ਕਿਹਾ ਕਿ ਮ੍ਰਿਤਕਾਂ ’ਚ ਫੌਜੀ ਅਤੇ ਆਮ ਨਾਗਰਿਕ ਵੀ ਸ਼ਾਮਲ ਹਨ। ਸਨਾ ਨੇ ਕਿਹਾ, ‘‘ਅਸੀਂ ਇਸ ਖੇਤਰ ’ਚ ਅਜਿਹੀ ਬੇਰਹਿਮੀ ਨੂੰ ਮਨਜ਼ੂਰ ਨਹੀਂ ਕਰਾਂਗੇ। ਸਰਕਾਰ ਨੇ ਸਾਰੇ ਪ੍ਰਭਾਵਤ ਲੋਕਾਂ ਨੂੰ ਡਾਕਟਰੀ ਅਤੇ ਹੋਰ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਦੇ ਹੁਕਮ ਦਿਤੇ ਹਨ। ਅਧਿਕਾਰੀ ਲੋਕਾਂ ਦੀ ਜ਼ਿੰਦਗੀ ਦੀ ਰੱਖਿਆ ਲਈ ਵਚਨਬੱਧ ਹਨ।’’