ਸ਼ਿਕਾਗੋ, 3 ਸਤੰਬਰ 2024 : ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਸ਼ਿਕਾਗੋ ਵਿੱਚ ਇੱਕ ਟਰੇਨ ਵਿੱਚ ਚਾਰ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੋਲੀਬਾਰੀ ਦੇ ਤੁਰੰਤ ਬਾਅਦ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਚੌਥੇ ਵਿਅਕਤੀ ਨੂੰ ਮੇਵੁੱਡ ਵਿੱਚ ਲੋਯੋਲਾ ਯੂਨੀਵਰਸਿਟੀ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸਦੀ ਮੌਤ ਹੋ ਗਈ। ਫੋਰੈਸਟ ਪਾਰਕ ਪੁਲਿਸ ਨੇ ਕਿਹਾ ਕਿ ਸ਼ੱਕੀ ਭੱਜ ਗਿਆ ਪਰ ਬਾਅਦ ਵਿੱਚ ਉਸਨੂੰ ਇੱਕ ਹੋਰ ਰੇਲਗੱਡੀ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੂੰ ਸਵੇਰੇ ਸਾਢੇ ਪੰਜ ਵਜੇ ਘਟਨਾ ਦੀ ਸੂਚਨਾ ਮਿਲੀ। ਸ਼ਿਕਾਗੋ ਟਰਾਂਜ਼ਿਟ ਅਥਾਰਟੀ (ਸੀਟੀਏ) ਨੇ ਕਿਹਾ ਕਿ ਸੁਰੱਖਿਆ ਕੈਮਰਾ ਵੀਡੀਓ ਜਾਂਚਕਰਤਾਵਾਂ ਲਈ ਮਹੱਤਵਪੂਰਨ ਸਾਬਤ ਹੋਇਆ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਗੋਲੀਬਾਰੀ ਆਮ ਗੱਲ ਹੈ। ਅਮਰੀਕਾ ਵਿੱਚ ਇਸ ਸਾਲ ਘੱਟੋ-ਘੱਟ 378 ਸਮੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਹੋਈਆਂ ਹਨ। ਪਿਛਲੇ ਮਹੀਨੇ ਸਿਆਟਲ 'ਚ ਹੋਈ ਗੋਲੀਬਾਰੀ 'ਚ ਘੱਟੋ-ਘੱਟ ਚਾਰ ਲੋਕ ਜ਼ਖ਼ਮੀ ਹੋ ਗਏ ਸਨ। ਇਸ ਦੇ ਨਾਲ ਹੀ ਜੁਲਾਈ 'ਚ ਫਿਲਾਡੇਲਫੀਆ 'ਚ ਗੋਲੀਬਾਰੀ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।