ਸਕਾਟਲੈਂਡ 'ਚ ਦੋ ਭਾਰਤੀ ਵਿਦਿਆਰਥੀਆਂ ਦੀ ਝਰਨੇ ਦੇ ਪਾਣੀ 'ਚ ਡੁੱਬਣ ਕਾਰਨ ਮੌਤ

ਲੰਡਨ, 19 ਅਪ੍ਰੈਲ : ਪਰਥਸ਼ਾਇਰ 'ਚ ਬਲੇਅਰ ਆਫ ਏਟਾਲ ਨੇੜੇ ਲਿਨ ਆਫ ਟੁਮੇਲ 'ਚ ਇਕ ਘਟਨਾ ਹੋਈ ਜਦੋਂ ਦੋਸਤਾਂ ਦੇ ਇਕ ਗਰੁੱਪ ਦੇ ਦੋ ਲੋਕ ਝਰਨੇ ਦੇ ਪਾਣੀ 'ਚ ਡੁੱਬ ਗਏ। ਉਨ੍ਹਾਂ ਦੇ ਦੋਸਤਾਂ ਨੇ ਐਮਰਜੈਂਸੀ ਸੇਵਾਵਾਂ ਲਈ ਅਲਾਰਮ ਵਜਾਇਆ, ਜਿਸ ਤੋਂ ਬਾਅਦ ਸਕਾਟਿਸ਼ ਫਾਇਰ ਤੇ ਰੈਸਕਿਊ ਸਰਵਿਸ ਨੇ ਬਚਾਅ ਯਤਨਾਂ 'ਚ ਮਦਦ ਲਈ ਕਿਸ਼ਤੀ ਟੀਮ ਤੇ ਜਹਾਜ਼ ਭੇਜੇ। ਸਕਾਟਲੈਂਡ 'ਚ ਪ੍ਰਮੁੱਖ ਟੂਰਿਸਟ ਪਲੇਸ ਨੇੜੇ ਦੋ ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਦੋਵੇਂ ਵਿਦਿਆਰਥੀ ਆਂਧਰ ਪ੍ਰਦੇਸ਼ ਦੇ ਦੱਸੇ ਜਾ ਰਹੇ ਹਨ। ਉਹ ਯੂਨੀਵਰਸਿਟੀ ਆਫ ਡੰਡੀ 'ਚ ਪੜ੍ਹਾਈ ਕਰ ਰਹੇ ਸਨ। ਸਕਾਟਲੈਂਡ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਬੁੱਧਵਾਰ ਨੂੰ ਸ਼ਾਮ 7 ਵਜੇ ਦੇ ਆਸ-ਪਾਸ ਬਲੇਅਰ ਆਫ ਏਟਾਲ ਨੇੜੇ 22 ਤੇ 26 ਸਾਲ ਦੇ ਨੌਜਵਾਨਾਂ ਦੇ ਪਾਣੀ 'ਚ ਡਿੱਗਣ ਦੀ ਸੂਚਨਾ ਮਿਲੀ ਸੀ। ਐਮਰਜੈਂਸੀ ਸੇਵਾਵਾਂ ਨੇ ਜਾਂਚ ਮੁਹਿੰਮ ਚਲਾਈ। ਇਸ ਦੌਰਾਨ ਦੋ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਮਾਮਲੇ 'ਚ ਕੋਈ ਸ਼ੱਕੀ ਹਾਲਾਤ ਨਜ਼ਰ ਨਹੀਂ ਆ ਰਹੇ ਹਨ। ਲੰਡਨ 'ਚ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਡੁੱਬਣ ਵਾਲੇ ਵਿਦਿਆਰਥੀ ਆਂਧਰ ਪ੍ਰਦੇਸ਼ ਦੇ ਸਨ। ਭਾਰਤ ਦਾ ਵਣਜ ਦੂਤਘਰ ਉਨ੍ਹਾਂ ਦੇ ਪਰਿਵਾਰ ਦੇ ਸੰਪਰਕ 'ਚ ਹੈ ਤੇ ਇਕ ਵਣਜ ਦੂਤਘਰ ਅਧਿਕਾਰੀ ਨੇ ਇਕ ਵਿਦਿਆਰਥੀ ਦੇ ਬ੍ਰਿਟੇਨ ਸਥਿਤ ਰਿਸ਼ਤੇਦਾਰ ਨਾਲ ਵੀ ਮੁਲਾਕਾਤ ਕੀਤੀ ਹੈ।