ਨਿਊਜ਼ੀਲੈਂਡ : ਇਮੀਗ੍ਰੇਸ਼ਨ ਨਿਊਜ਼ੀਲੈਂਡ ‘2021 ਰੈਜ਼ੀਡੈਂਟ ਵੀਜ਼ਾ’ ਸ਼੍ਰੇਣੀ ਤਹਿਤ 1 ਦਸੰਬਰ ਤੋਂ 2021 ਤੋਂ ਅਰਜ਼ੀਆਂ ਲੈਣੀਆਂ ਸ਼ੁਰੂ ਕੀਤੀਆਂ ਸਨ ਅਤੇ ਪਹਿਲਾ ਵੀਜ਼ਾ 6 ਦਸੰਬਰ ਨੂੰ ਲਾ ਕੇ ਰੈਜ਼ੀਡੈਂਟ ਵੀਜ਼ਿਆਂ ਦੀਆਂ ਮੋਹਰਾਂ ਦੀ ਸ਼ਿਆਹੀ ਭਰ ਕੇ ਸਾਹਮਣੇ ਰੱਖ ਲਈਆਂ ਸਨ ਤੇ ਠਾਹ-ਠਾਹ ਜਾਰੀ ਹੈ। 04 ਅਕਤੂਬਰ 2022 ਤੱਕ ਜਾਰੀ ਅੰਕੜਿਆਂ ਅਨੁਸਾਰ ਹੁਣ ਤੱਕ ਕੁੱਲ 106,065 ਅਰਜ਼ੀਆਂ ਪ੍ਰਾਪਤ ਕੀਤੀਆਂ ਗਈਆਂ ਹਨ ਜਿਨ੍ਹਾਂ ਦੇ ਵਿਚੋਂ 57,489 ਅਰਜ਼ੀਆਂ ਪਾਸ ਕਰ ਦਿੱਤੀਆਂ ਗਈਆਂ ਹਨ ਅਤੇ 106,524 ਤੋਂ ਵੱਧ ਲੋਕ ਰੈਜੀਡੈਂਟ ਵੀਜ਼ਾ ਪ੍ਰਾਪਤ ਕਰ ਚੁੱਕੇ ਹਨ। ਕੁੱਲ ਪ੍ਰਾਪਤ ਅਰਜ਼ੀਆਂ ਦੇ ਵਿਚ 2,14,372 ਲੋਕ ਸ਼ਾਮਿਲ ਨੇ ਜਿਨ੍ਹਾਂ ਨੇ ਰੈਜੀਡੈਂਟ ਵੀਜ਼ੇ ਪ੍ਰਾਪਤ ਕਰਨੇ ਨੇ। 146 ਅਰਜ਼ੀਆਂ ਅਯੋਗ ਵੀ ਪਾਈਆਂ ਗਈਆਂ ਹਨ। ਇਹ ਸਾਰਾ ਕੁਝ ਇਮੀਗ੍ਰੇਸ਼ਨ ਨੇ 18 ਮਹੀਨਿਆਂ ਦੇ ਵਿਚ ਨਿਬੇੜਨਾ ਹੈ ਅਤੇ ਦਸੰਬਰ ਤੱਕ ਬਹੁਤਿਆਂ ਦੇ ਹੋਰ ਵੀਜ਼ੇ ਲੱਗ ਸਕਦੇ ਹਨ। ਦਿਤੇ ਵੇਰਵੇ ਅਨੁਸਾਰ ਅਜੇ 1,07, 702 ਹੋਰ ਲੋਕਾਂ ਦੇ ਪੱਕੇ ਹੋਣ ਦੀ ਆਸ ਬਣੀ ਹੋਈ ਹੈ। ਇਸ ਤੋਂ ਇਲਾਵਾ ਵਿਜ਼ਟਰ ਵੀਜ਼ੇ ਵੀ ਲਗਾਤਾਰ ਲੱਗ ਰਹੇ ਹਨ ਅਤੇ ਲੋਕ ਮਹਿੰਗੀਆਂ ਟਿਕਟਾਂ ਖਰੀਦ ਕੇ ਪਹੁੰਚ ਰਹੇ ਹਨ। ਕਈਆਂ ਨੂੰ ਬਿਨਾਂ ਮੰਗਿਆ ਵਾਧੂ ਸਮੇਂ ਵਾਲਾ ਵੀਜ਼ਾ ਦਿੱਤਾ ਜਾ ਰਿਹਾ ਹੈ। ਵਰਨਣਯੋਗ ਹੈ ਕਿ ਜਿਨ੍ਹਾਂ ਵੀਜਾ ਧਾਰਕਾਂ ਦੇ ਵੀਜੇ ਕਰੋਨਾ ਕਾਲ ਦੇ ਚਲਦਿਆਂ ਖਤਮ ਹੋ ਗਏ ਸਨ ਉਨ੍ਹਾਂ ਦੇ ਨਾਲ ਸਰਕਾਰ ਵੱਲੋਂ ਕੋਈ ਅਨਿਆਂ ਨਹੀਂ ਕੀਤਾ ਗਿਆ। ਹੁਣ 12 ਅਕਤੂਬਰ ਨੂੰ ਇਕ ਵਿਚਾਰ ਗੋਸ਼ਠੀ ਹੋ ਰਹੀ ਹੈ, ਹੋ ਸਕਦਾ ਹੈ ਉਸ ਦਿਨ ਇਹ ਮਸਲਾ ਸੁਣਿਆ ਜਾਵੇ ਅਤੇ ਸਰਕਾਰ ਕੋਈ ਐਲਾਨ ਕਰ ਦੇਵੇ। ਲੋੜ ਹੈ ਇਸ ਸਬੰਧੀ ਆਪਣਾ ਪੱਖ ਰੱਖਣ ਦੀ ਤਾਂ ਕਿ ਮਸਲਾ ਨੂੰ ਗੰਭੀਰਤਾ ਨਾਲ ਸਰਕਾਰ ਲੈ ਸਕੇ। ਮਾਪਿਆਂ ਦੇ ਪੱਕੇ ਇਥੇ ਆਉਣ ਵਾਲੀ ਵੀ ਨੀਤੀ ਵੀ ਨੈਸ਼ਨਲ ਸਰਕਾਰ ਵੇਲੇ ਦੀ ਕਿਸੇ ਬਕਸੇ ਵਿਚ ਬੇਹੋਸ਼ ਕਰਕੇ ਰੱਖੀ ਹੋਈ ਹੈ, ਜਿਸ ਨੂੰ ਠੰਢੇ ਛਿੱਟੇ ਮਾਰ ਕੇ ਉਠਾਉਣ ਦੀ ਲੋੜ ਹੈ।