ਲੰਡਨ (ਪੀਟੀਆਈ) : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਗਲੇ ਮਹੀਨੇ ਸੰਯੁਕਤ ਰਾਸ਼ਟਰ ਦੇ ਮੁੱਖ ਜਲਵਾਯੂ ਸੰਮੇਲਨ ਕਾਪ-27 ਵਿੱਚ ਹਿੱਸਾ ਨਹੀਂ ਲੈਣਗੇ। ਰਿਸ਼ੀ ਦੇ ਇਸ ਫੈਸਲੇ ਦੀ ਹੁਣ ਪੂਰੀ ਦੁਨੀਆ 'ਚ ਆਲੋਚਨਾ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਸੀਓਪੀ-27 ਦਾ ਆਯੋਜਨ 6 ਨਵੰਬਰ ਤੋਂ 18 ਨਵੰਬਰ ਤੱਕ ਮਿਸਰ ਦੇ ਸ਼ਰਮ ਅਲ-ਸ਼ੇਖ ਵਿੱਚ ਹੋਵੇਗਾ। ਡਾਊਨਿੰਗ ਸਟ੍ਰੀਟ ਨੇ ਪਿਛਲੇ ਹਫ਼ਤੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਸੁਨਕ ਦੇ ਮਿਸਰ ਵਿੱਚ ਕਾਪ-27 ਜਲਵਾਯੂ ਸੰਮੇਲਨ ਵਿੱਚ ਸ਼ਾਮਲ ਹੋਣ ਦੀ ਉਮੀਦ ਨਹੀਂ ਹੈ। ਬ੍ਰਿਟਿਸ਼ ਸਰਕਾਰ ਨੇ ਕਿਹਾ ਕਿ ਇਹ ਫੈਸਲਾ ਘਰੇਲੂ ਵਚਨਬੱਧਤਾਵਾਂ ਦੇ ਕਾਰਨ ਲਿਆ ਗਿਆ ਹੈ। ਕਾਨਫਰੰਸ ਵਿੱਚ ਯੂਕੇ ਦੇ ਹੋਰ ਮੰਤਰੀਆਂ ਦੇ ਮੌਜੂਦ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਸੀਓਪੀ-27 ਦੇ ਪ੍ਰਧਾਨ ਆਲੋਕ ਸ਼ਰਮਾ ਵੀ ਇਸ ਕਾਨਫਰੰਸ ਵਿੱਚ ਸ਼ਾਮਲ ਹੋਣਗੇ। ਆਲੋਕ ਸ਼ਰਮਾ ਨੇ ਕਿਹਾ ਕਿ ਸਰਕਾਰ ਸੀਓਪੀ-27 ਦਾ ਸਮਰਥਨ ਕਰਨ ਅਤੇ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਅਤੇ ਕੁਦਰਤ ਦੀ ਰੱਖਿਆ ਲਈ ਅੰਤਰਰਾਸ਼ਟਰੀ ਕਾਰਵਾਈ ਦੀ ਅਗਵਾਈ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸੀਓਪੀ-27 ਸੰਮੇਲਨ ਦੀ ਮੇਜ਼ਬਾਨੀ ਕਰਨ ਵਾਲੀ ਮਿਸਰ ਦੀ ਸਰਕਾਰ ਨੇ ਸੁਨਕ ਦੇ ਫੈਸਲੇ 'ਤੇ ਨਿਰਾਸ਼ਾ ਪ੍ਰਗਟਾਈ ਹੈ। ਗਾਰਡੀਅਨ ਅਖਬਾਰ ਨੇ ਰਿਪੋਰਟ ਦਿੱਤੀ ਕਿ ਕਾਪ-27 ਵਾਰਤਾ ਨੂੰ ਮੁਲਤਵੀ ਕਰਨ ਅਤੇ ਕਿੰਗ ਚਾਰਲਸ ਨੂੰ ਹਿੱਸਾ ਲੈਣ ਤੋਂ ਰੋਕਣ ਦੇ ਸੁਨਕ ਦੇ ਫੈਸਲੇ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਨਾਰਾਜ਼ ਕੀਤਾ ਹੈ। ਸਨਕ ਦੇ ਇਸ ਫੈਸਲੇ ਨੇ ਵਿਸ਼ਵ ਮੰਚ 'ਤੇ ਬ੍ਰਿਟੇਨ ਦੀ ਸਥਿਤੀ ਖਤਰੇ 'ਚ ਪਾ ਦਿੱਤੀ ਹੈ। ਜਲਵਾਯੂ ਸੰਕਟ ਨਾਲ ਨਜਿੱਠਣ ਲਈ ਉਨ੍ਹਾਂ ਦੀ ਸਰਕਾਰ ਦੀ ਵਚਨਬੱਧਤਾ 'ਤੇ ਸਵਾਲ ਉਠਾਏ ਜਾ ਰਹੇ ਹਨ। ਰਿਪੋਰਟ ਵਿੱਚ ਸੰਯੁਕਤ ਰਾਸ਼ਟਰ ਵਿੱਚ ਬੇਲੀਜ਼ ਦੇ ਰਾਜਦੂਤ ਕਾਰਲੋਸ ਫੁਲਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਯੂਕੇ ਦੇ ਪ੍ਰਮੁੱਖ ਨੀਤੀ ਨਿਰਮਾਤਾ ਅਤੇ ਕਾਪ 26 ਦੇ ਚੇਅਰਮੈਨ ਹੋਣ ਦੇ ਨਾਤੇ ਪ੍ਰਧਾਨ ਮੰਤਰੀ ਨੂੰ ਸੰਮੇਲਨ ਦੀ ਅਗਵਾਈ ਕਰਨੀ ਚਾਹੀਦੀ ਸੀ। ਸੁਨਕ ਦੇ ਸ਼ਿਖਰ ਸੰਮੇਲਨ 'ਚ ਸ਼ਾਮਲ ਨਾ ਹੋਣ ਦੇ ਕਾਰਨ 'ਤੇ ਸਵਾਲ ਉਠਾਉਂਦੇ ਹੋਏ ਮਾਲਦੀਵ ਸੰਸਦ ਦੇ ਸਪੀਕਰ ਅਤੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਕਿਹਾ, ''ਇਹ ਬਹੁਤ ਚਿੰਤਾਜਨਕ ਹੈ ਕਿ ਬ੍ਰਿਟੇਨ ਨੇ ਸੋਚਿਆ ਕਿ ਜਲਵਾਯੂ ਪਰਿਵਰਤਨ ਤੋਂ ਵੀ ਜ਼ਿਆਦਾ ਗੰਭੀਰ ਕੁਝ ਹੈ। ਜਿਕਕਯੋਗ ਹੈ ਕਿ ਸੀਓਪੀ-27 ਵਿੱਚ ਸ਼ਾਮਲ ਹੋਣ ਦੀ ਬਜਾਏ, ਸੁਨਕ ਜਲਵਾਯੂ ਵਾਰਤਾ ਦੀ ਸ਼ੁਰੂਆਤ ਤੋਂ ਦੋ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਬਕਿੰਘਮ ਪੈਲੇਸ ਵਿੱਚ ਕਿੰਗ ਦੁਆਰਾ ਆਯੋਜਿਤ ਵਪਾਰਕ ਅਤੇ ਵਾਤਾਵਰਣ ਨੇਤਾਵਾਂ ਲਈ ਇੱਕ ਰਿਸੈਪਸ਼ਨ ਨੂੰ ਸੰਬੋਧਿਤ ਕਰਨਗੇ।