ਪੋਰਟ ਮੋਰੇਸਬੀ, 22 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਦਿਨਾਂ ਦੇ 3 ਦੇਸ਼ਾਂ ਦੇ ਦੌਰੇ 'ਤੇ ਹਨ। ਪੀਐਮ ਮੋਦੀ ਪਹਿਲੀ ਵਾਰ ਜਾਪਾਨ ਵਿਚ ਜੀ-7 ਸਿਖਰ ਸੰਮੇਲਨ ਵਿਚ ਸ਼ਾਮਲ ਹੋਏ ਹਨ। ਇਸ ਤੋਂ ਬਾਅਦ ਪੀਐਮ ਮੋਦੀ ਪਾਪੂਆ ਨਿਊ ਗਿਨੀ ਲਈ ਰਵਾਨਾ ਹੋ ਗਏ। ਪਾਪੂਆ ਨਿਊ ਗਿਨੀ 'ਚ ਪ੍ਰਧਾਨ ਮੰਤਰੀ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਫਿਜੀ ਨੇ ਪੀਐਮ ਮੋਦੀ ਨੂੰ ਆਪਣੇ ਸਰਵਉੱਚ ਸਨਮਾਨ ਨਾਲ ਸਨਮਾਨਿਤ ਕੀਤਾ ਹੈ। ਪੀਐਮ ਮੋਦੀ ਦੀ ਅਗਵਾਈ ਨੂੰ ਦੇਖਦੇ ਹੋਏ ਫਿਜੀ ਨੇ ਆਪਣਾ ਸਰਵਉੱਚ ਸਨਮਾਨ 'ਕੰਪੇਨੀਅਨ ਆਫ ਦਿ ਆਰਡਰ ਆਫ ਫਿਜੀ' ਨਾਲ ਸਨਮਾਨਿਤ ਕੀਤਾ ਹੈ। ਹੁਣ ਤੱਕ ਸਿਰਫ ਕੁਝ ਹੀ ਗੈਰ-ਫਿਜੀ ਲੋਕਾਂ ਨੂੰ ਇਹ ਸਨਮਾਨ ਮਿਲਿਆ ਹੈ। ਅਜਿਹੇ ਵਿਚ ਭਾਰਤ ਲਈ ਇਹ ਸਨਮਾਨ ਇਕ ਵੱਖਰਾ ਮਹੱਤਵ ਰੱਖਦਾ ਹੈ। ਇਸ ਦੇ ਨਾਲ ਹੀ ਰਿਪਬਲਿਕ ਆਫ ਪਲਾਊ ਨੇ ਪੀਐਮ ਨਰਿੰਦਰ ਮੋਦੀ ਨੂੰ ਵੀ ਸਨਮਾਨਿਤ ਕੀਤਾ ਹੈ। ਪਲਾਊ ਗਣਰਾਜ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਈਬਾਕਲ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਹ ਦੋਵੇਂ ਐਵਾਰਡ ਪੀਐਮ ਮੋਦੀ ਨੂੰ ਪਾਪੂਆ ਨਿਊ ਗਿਨੀ ਵਿਚ ਹੀ ਦਿਤੇ ਗਏ ਹਨ। ਦੱਸ ਦੇਈਏ ਕਿ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਾਪੂਆ ਨਿਊ ਗਿਨੀ ਦੀ ਪਹਿਲੀ ਯਾਤਰਾ ਵੀ ਹੈ। ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮੈਰਾਪੇ ਨੇ ਹਵਾਈ ਅੱਡੇ 'ਤੇ ਪੀਐਮ ਮੋਦੀ ਦੇ ਪੈਰ ਛੂਹ ਕੇ ਉਨ੍ਹਾਂ ਦਾ ਸਵਾਗਤ ਕੀਤਾ, ਜੋ ਚਰਚਾ ਦਾ ਵਿਸ਼ਾ ਬਣ ਗਿਆ। ਵਿਦੇਸ਼ ਮੰਤਰਾਲੇ ਨੇ ਟਵਿੱਟਰ 'ਤੇ ਲਿਖਿਆ, "ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਲੋਕਾਂ ਅਤੇ ਫਿਜੀ-ਭਾਰਤੀ ਭਾਈਚਾਰੇ ਦੀਆਂ ਪੀੜ੍ਹੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਦੋਵਾਂ ਦੇਸ਼ਾਂ ਵਿਚਕਾਰ ਵਿਸ਼ੇਸ਼ ਅਤੇ ਸਥਾਈ ਬੰਧਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।"