ਆਕਲੈਂਡ : ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਇਸ ਵੇਲੇ ਨਿਊਜ਼ੀਲੈਂਡ ਦੇ ਦੌਰ ਉਤੇ ਆਏ ਹੋਏ ਹਨ। ਅੱਜ ਸਵੇਰੇ ਪਹਿਲਾਂ ਔਕਲੈਂਡ ਵਾਰ ਮੈਮੋਰੀਅਲ ਵਿਖੇ ਉਨ੍ਹਾਂ ਦਾ ਮਾਓਰੀ ਰਸਮਾਂ ਦੇ ਨਾਲ ਸਵਾਗਤ ਕੀਤਾ ਗਿਆ, ਫਿਰ ਉਨ੍ਹਾਂ ਨਿਊਜ਼ੀਲੈਂਡ ਦੀ ਵਿਦੇਸ਼ ਮੰਤਰੀ ਨੈਨੀਆ ਮਾਹੂਤਾ ਦੇ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਉਤੇ ਗਲਬਾਤ ਕੀਤੀ। ਸ਼ਾਮ ਦਾ ਪ੍ਰੋਗਰਾਮ ਭਾਰਤੀ ਮੂਲ ਦੀ ਅੰਗਰੇਜੀ ਅਖ਼ਬਾਰ ‘ਦਾ ਇੰਡੀਅਨ ਵੀਕਐਂਡਰ’ ਵੱਲੋਂ ਮੈਨੇਜਿੰਗ ਡਾਇਰੈਕਟਰ ਭਵਦੀਪ ਸਿੰਘ ਢਿੱਲੋਂ ਜੋ ਕਿ ਔਕਲੈਂਡ ਦੇ ਆਨਰੇਰੀ ਕੌਂਸਿਲੇਟ ਵੀ ਹਨ, ਨੇ ਰੱਖਿਆ ਹੋਇਆ ਸੀ। ਇਹ ਸਲਾਨਾ ਪ੍ਰੋਗਰਾਮ ਹੁੰਦਾ ਹੈ ਜਿਸ ਦਾ ਨਾਂਅ ਹੈ ‘ਕੀਵੀ ਇੰਡੀਅਨ ਹਾਲ ਆਫ ਫੇਮ’। ਇਸ ਦੇ ਵਿਚ ਵਕਾਰੀ ਐਵਾਰਡ ਕਮਿਊਨਿਟੀ ਦੇ ਵਿਚ ਅਹਿਮ ਕੰਮ ਕਰਨ ਵਾਲਿਆਂ ਨੂੰ ਦਿੱਤੇ ਜਾਂਦੇ ਹਨ। 5 ਸਟਾਰ ਹੋਟਲ ਦੇ ਵਿਚ ਹੋਏ ਇਸ ਸਮਾਗਮ ਦੇ ਵਿਚ ਪਹਿਲਾਂ ਭਵਦੀਪ ਸਿੰਘ ਨੇ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਭਾਰਤ ਸਰਕਾਰ ਦੇ ਵਿਦੇਸ਼ ਦੇ ਵਿਚ ਸਥਾਪਿਤ ਕੀਤੇ ਜਾ ਰਹੇ ਸਬੰਧਾਂ ਬਾਰੇ ਚਾਨਣਾ ਪਾਇਆ। ਇਸ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਪ੍ਰਕਾਸ਼ਿਤ ਖਾਸ ਪੁਸਤਕ ‘ਹਾਰਟਫੈਲਟ-ਦਾ ਲੈਗੇਸੀ ਆਫ ਫੇਥ’ ਨਿਊਜ਼ੀਲੈਂਡ ਪ੍ਰਧਾਨ ਮੰਤਰੀ ਮਾਣਯੋਗ ਜੈਸਿੰਡਾ ਆਰਡਨ, ਭਾਰਤ ਦੇ ਵਿਦੇਸ਼ ਮੰਤਰੀ ਡਾ. ਜੈ ਸ਼ੰਕਰ ਹੋਰਾਂ ਰਿਲੀਜ਼ ਕੀਤੀ। ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਵੰਤ ਸਿੰਘ ਸੰਧੂ ਇਸ ਮੌਕੇ ਪਹੁੰਚੇ ਹੋਏ ਸਨ ਅਤੇ ਉਨ੍ਹਾਂ ਇਸ ਕਿਤਾਬ ਬਾਰੇ ਵੀ ਚਾਨਣਾ ਪਾਇਆ। ਇਸ ਦੇ ਨਾਲ ਹੀ ਭਾਰਤ ਦੀ ਆਜ਼ਾਦੀ ਦੇ 75ਵੀਂ ਸਾਲਗਿਰਾ ਸਬੰਧੀ ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਨੂੰ ਸਮਰਪਿਤ ਯਾਦਗਾਰੀ ਡਾਕ ਟਿਕਟ ਵੀ ਜਾਰੀ ਕੀਤੀ ਗਈ। ਸਾਰੇ ਆਏ ਮਹਿਮਾਨਾਂ ਨੂੰ ਕਿਤਾਬਾਂ ਫ੍ਰੀ ਦਿੱਤੀਆਂ ਗਈਆਂ। ਸਿੱਖ ਇਤਿਹਾਸ, ਕੁਰਬਾਨੀਆਂ ਅਤੇ ਭਾਰਤ ਸਰਕਾਰ ਵੱਲੋਂ ਉਲੀਕੇ ਵਿਸੇਸ਼ ਧਾਰਮਿਕ ਪ੍ਰੋਗਰਾਮਾਂ ਨੂੰ ਪ੍ਰਾਜੈਕਟਰ ਉਤੇ ਵਿਖਾਇਆ ਗਿਆ, ਜੋ ਕਿ ਕਾਫੀ ਵਧੀਆ ਸਲਾਹੁਣਯੋਗ ਵਾਲਾ ਕੰਮ ਸੀ। ਭਾਰਤ ਦੇ ਵਿਦੇਸ਼ ਮੰਤਰੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਰਕਾਰ ਨੇ ਬਹੁਤ ਮੱਲਾਂ ਮਾਰੀਆਂ ਹਨ। ਨਿਊਜ਼ੀਲੈਂਡ ਦੇ ਵਿਚ ਕਰੋਨਾ ਕਾਲ ਦੌਰਾਨ ਲਗਪਗ 20,000 ਲੋਕਾਂ ਦੇ ਲਈ ਵਿਸ਼ੇਸ਼ ਜਹਾਜ਼ ਚਲਾਏ ਗਏ ਜਿਨ੍ਹਾਂ ਸਦਕਾ ਸਭ ਦੀ ਵਤਨ ਵਾਪਿਸੀ ਹੋਈ। ਵਿਦੇਸ਼ ਮੰਤਰੀ ਨੂੰ ਮਾਓਰੀ ਮੂਲ ਦੀ ਨਿਸ਼ਾਨੀ ‘ਕੋਰੂ’ ਭੇਟ ਕੀਤਾ ਗਿਆ। ਪ੍ਰਧਾਨ ਮੰਤਰੀ ਮਾਣਯੋਗ ਜੈਸਿੰਡਾ ਆਰਡਨ ਨੇ ਇੰਡੀਅਨ ਵੀਕਐਂਡਰ ਦੇ ਸਲਾਨਾ ਸਮਾਗਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹਰ ਵਾਰ ਆ ਕੇ ਖੁਸ਼ੀ ਹੁੰਦੀ ਹੈ। ਇਸ ਵੇਲੇ ਭਾਰਤੀਆਂ ਦੀ ਗਿਣਤੀ ਢਾਈ ਲੱਖ ਤੋਂ ਉਪਰ ਹੈ। ਉਸਨੇ ਬਹੁਤ ਸਾਰੇ ਭਾਰਤੀ ਸਖਸ਼ੀਅਤਾਂ ਦੇ ਨਾਂਅ ਲਏ ਜਿਨ੍ਹਾਂ ਨੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਭਾਰਤੀ ਹਾਈ ਕਮਿਸ਼ਨਰ ਸ੍ਰੀਮਤੀ ਨੀਤਾ ਭੂਸ਼ਣ ਅਤੇ ਨਿਊਜ਼ੀਲੈਂਡ ਦੀ ਵਿਦੇਸ਼ ਮੰਤਰੀ ਨੈਨਈਆ ਮਾਹੂਤਾ, ਮੇਅਰ ਸ੍ਰੀ ਫਿਲ ਗੌਫ, ਭਾਰਤੀ ਸਾਂਸਦ ਡਾ. ਗੌਰਵ ਸ਼ਰਮਾ ਵੀ ਸਟੇਜ ਉਤੇ ਮਾਨ-ਸਨਮਾਨ ਦੇ ਲਈ ਗਏ। ਐਵਾਰਡ: ‘ਹਾਲ ਆਫ ਫੇਮ’ ਐਵਾਰਡ ਪਹਿਲੀ ਭਾਰਤੀ ਕੈਬਨਿਟ ਮੰਤਰੀ ਸ੍ਰੀਮਤੀ ਰਾਧਾ ਕ੍ਰਿਸ਼ਨਨ ਨੂੰ ਦਿੱਤਾ ਗਿਆ। ‘ਕਮਿਊਨਿਟੀ ਸਰਵਿਸ ਐਕਸਲੈਂਸ’ ਐਵਾਰਡ ਰੂਪਾ ਸੱਚਦੇਵ ਨੂੰ ਦਿੱਤਾ ਗਿਆ ਤੇ ਫਿਰ ‘ਕਮਿਊਨਿਟੀ ਰਗੇਨਾਈਜੇਸ਼ਨ ਆਫ ਦਾ ਯੀਅਰ’ ਔਕਲੈਂਡ ਇੰਡੀਅਨ ਐਸੋਸੀਏਸ਼ਨ ਨੂੰ ਦਿੱਤਾ ਗਿਆ। ਭੰਗੜੇ ਅਤੇ ਗਿੱਧਾ ਨੇ ਵੀ ਸਟੇਜ ਉਤੇ ਰੰਗ ਬੰਨਿ੍ਹਆ।