ਪ੍ਰਕਿਰਤੀ ਦਾ ਨੇਮ ਹੈ ਕਿ ਤਕੜਾ ਸਦਾ ਮਾੜੇ ਦਾ ਸ਼ੋਸ਼ਣ ਕਰਦਾ ਹੈ - ਠਾਕੁਰ ਦਲੀਪ ਸਿੰਘ


ਕੈਨੇਡਾ : ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਨੇ ਮੀਡੀਆ ਵਿਚ ਹੋ ਰਹੀਆਂ ਗੱਲਾਂ ਕਿ ਪੁਰਸ਼ ਨੇ ਇਸਤ੍ਰੀ ਦਾ ਸ਼ੋਸ਼ਣ ਕੀਤਾ ਹੈ, ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਹ ਗੱਲਾਂ ਪੂਰੀ ਤਰ੍ਹਾਂ ਸਹੀ ਨਹੀਂ ਹਨ। ਅਸਲ ਵਿੱਚ ਪੁਰਸ਼ ਨੇ ਇਸਤ੍ਰੀ ਦਾ ਸ਼ੋਸ਼ਣ ਨਹੀਂ ਕੀਤਾ ਹੈ ਸਗੋਂ 'ਤਕੜੇ ਨੇ ਮਾੜੇ ਦਾ ਸ਼ੋਸ਼ਣ ਕੀਤਾ ਹੈ।'
ਆਪਣੇ ਇਕ ਵੀਡੀਓ ਸੁਨੇਹੇ ਰਾਹੀਂ ਉਨ੍ਹਾਂ ਕਿਹਾ ਹੈ ਕਿ ਇਹ ਗੱਲ ਧਿਆਨ ਨਾਲ ਸਮਝਣ ਦੀ ਲੋੜ ਹੈ ਕਿ ਪ੍ਰਕਿਰਤੀ ਦਾ ਨੇਮ ਹੈ ਕਿ ਤਕੜਾ ਸਦਾ ਮਾੜੇ ਦਾ ਸ਼ੋਸ਼ਣ ਕਰਦਾ ਹੀ ਹੈ। ਮਨੁੱਖ ਨੇ ਜਾਨਵਰਾਂ ਦਾ ਸ਼ੋਸ਼ਣ ਕੀਤਾ ਹੋਇਆ ਹੈ। ਅੱਜ ਵੀ ਮਾੜਿਆਂ ਮਨੁੱਖਾਂ ਦਾ ਆਪਾਂ ਸ਼ੋਸ਼ਣ ਕਰਦੇ ਹਾਂ। ਇਥੋਂ ਤੱਕ ਕਿ ਜਿੱਥੇ ਇਸਤ੍ਰੀ ਤਕੜੀ ਹੋਈ ਹੈ ਉਸ ਨੇ ਪੁਰਸ਼ਾਂ ਦਾ ਸ਼ੋਸ਼ਣ ਕੀਤਾ ਹੈ। ਸ਼ੋਸ਼ਣ ਕਰਨ ਦੇ ਢੰਗ ਵੱਖੋ-ਵੱਖ ਹਨ। ਸ਼ੋਸ਼ਣ ਤਾਂ ਤਕੜਾ ਸਦਾ ਮਾੜੇ ਦਾ ਕਰਦਾ ਹੀ ਹੈ ਜਿਵੇਂ:- ਜਿੱਥੇ ਮਜ਼ਦੂਰਾਂ ਦੀ ਯੂਨੀਅਨ ਤਕੜੀ ਹੋ ਜਾਂਦੀ ਹੈ, ਉਹ ਫ਼ੈਕਟਰੀ ਦੇ ਮਾਲਕ ਦਾ ਸ਼ੋਸ਼ਣ ਕਰਦੇ ਹਨ। ਜਿੱਥੇ ਫ਼ੈਕਟਰੀ ਦਾ ਮਾਲਕ ਤਕੜਾ ਹੁੰਦਾ ਹੈ ਉਹ ਮਜ਼ਦੂਰਾਂ ਦਾ ਸ਼ੋਸ਼ਣ ਕਰਦਾ ਹੈ। ਇਹ ਤਾਂ ਪ੍ਰਕਿਰਤੀ ਦਾ ਨੇਮ ਹੈ। ਇੱਕ ਹੋਰ ਚੀਜ਼ ਇਹਦੇ ਨਾਲ ਹੀ ਸੰਬੰਧਿਤ ਸਾਨੂੰ ਚੇਤਾ ਰੱਖਣ ਦੀ ਲੋੜ ਹੈ ਕਿ ਪ੍ਰਕਿਰਤੀ ਦੇ ਨੇਮ ਅਨੁਸਾਰ "ਪ੍ਰਗਤੀ ਸ਼ੋਸ਼ਣ ਕਰਕੇ ਹੀ ਹੁੰਦੀ ਹੈ।" ਠਾਕੁਰ ਦਲੀਪ ਸਿੰਘ ਨੇ ਕਿਹਾ ਕਿ "ਸ਼ੋਸ਼ਣ ਕਰਕੇ ਪ੍ਰਫੁੱਲਤ ਹੋਇਆ ਜਾਂਦਾ ਹੈ।" ਜੀਵ ਅਤੇ ਬਨਸਪਤੀ ਸਭ ਕਰਦੇ ਹਨ। ਜੇ ਕਿਸੇ ਦੀ ਪਦਵੀ ਵੀ ਸਥਾਪਿਤ ਹੁੰਦੀ ਹੈ (ਕੋਈ ਸੱਤਾ ਬਣਦੀ ਹੈ) ਅਤੇ ਉਹ ਬਣੀ ਰਹਿੰਦੀ ਹੈ ਤਾਂ ਉਹ ਵੀ ਸ਼ੋਸ਼ਣ ਕਰਕੇ ਹੀ ਹੁੰਦੀ ਹੈ। ਮਾੜਿਆਂ ਦਾ ਸ਼ੋਸ਼ਣ ਕਰਕੇ ਹੀ ਪਦਵੀ ਬਣਦੀ ਹੈ, ਮਾੜਿਆਂ ਦਾ ਸ਼ੋਸ਼ਣ ਕਰਕੇ ਹੀ ਪਦਵੀ ਸਥਾਪਿਤ ਹੁੰਦੀ ਹੈ ਅਤੇ ਸਥਾਪਿਤ ਰਹਿੰਦੀ ਹੈ। "ਇਹ ਪ੍ਰਕਿਰਤੀ ਦਾ ਨੇਮ ਹੈ ਕਿ ਤਕੜੇ ਨੇ ਮਾੜੇ ਦਾ ਸ਼ੋਸ਼ਣ ਕਰਨਾ ਹੀ ਹੈ।" ਉਨ੍ਹਾਂ ਕਿਹਾ ਕਿ ਮੈਂ ਕਹਿੰਦਾ ਹਾਂ ਕਿ ਸ਼ੋਸ਼ਣ ਨਹੀਂ ਕਰਨਾ ਚਾਹੀਦਾ, ਤੁਸੀਂ ਵੀ ਆਖੋਗੇ ਕਿ ਸ਼ੋਸ਼ਣ ਨਹੀਂ ਕਰਨਾ ਚਾਹੀਦਾ। ਪਰ ਪ੍ਰਕਿਰਤੀ ਦੇ ਨੇਮ ਨੂੰ ਤਾਂ ਕੋਈ ਨਹੀਂ ਟਾਲ ਸਕਦਾ। ਉਹ ਤਾਂ ਅਟੱਲ ਹੈ। ਪ੍ਰਕਿਰਤੀ ਦਾ ਨੇਮ ਗੁਰੂ-ਚੇਲਾ, ਰਾਜਾ-ਪਰਜਾ, ਅਮੀਰ-ਗ਼ਰੀਬ ਹਰ ਜੀਵ ਉੱਤੇ ਲਾਗੂ ਹੁੰਦਾ ਹੈ। "ਉਹ ਨੇਮ ਅਟੱਲ ਹੈ।"