ਵਾਸਿੰਗਟਨ, 22 ਦਸੰਬਰ : ਅਮਰੀਕਾ ਵਿਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਸ ਦੌਰਾਨ ਜ਼ੇਲੈਂਸਕੀ ਨੇ ਔਖੇ ਸਮੇਂ ਵਿਚ ਯੂਕਰੇਨ ਦਾ ਸਾਥ ਦੇਣ ਲਈ ਦੁਨੀਆ ਭਰ ਦੇ ਲੋਕਾਂ ਦਾ ਧੰਨਵਾਦ ਕੀਤਾ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਓਵਲ ਦਫ਼ਤਰ ਵਿਚ ਜ਼ੇਲੈਂਸਕੀ ਦਾ ਸਵਾਗਤ ਕੀਤਾ ਅਤੇ ਉੱਥੇ ਦੋਵਾਂ ਨੇ ਗੱਲਬਾਤ ਕੀਤੀ। ਇਸ ਤੋਂ ਬਾਅਦ ਦੋਵਾਂ ਨੇ ਵ੍ਹਾਈਟ ਹਾਊਸ 'ਚ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਸੰਯੁਕਤ ਨਿਊਜ਼ ਕਾਨਫਰੰਸ ਵਿਚ ਬਾਇਡਨ ਨੇ ਜ਼ੇਲੈਂਸਕੀ ਨੂੰ ਕਿਹਾ, "(ਤੁਹਾਡੀ) ਲੀਡਰਸ਼ਿਪ ਨੇ ਇਸ ਭਿਆਨਕ ਸੰਕਟ ਦੌਰਾਨ ਯੂਕਰੇਨ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। 2023 ਵਿਚ ਵੀ ਸਾਨੂੰ ਇਕੱਠੇ ਖੜੇ ਹੋਣ ਦੀ ਲੋੜ ਹੈ। ਨਵੇਂ ਸਾਲ ਵੱਲ ਵਧ ਰਹੀ ਦੁਨੀਆ ਲਈ ਇਹ ਜ਼ਰੂਰੀ ਹੈ ਕਿ ਉਹ ਸਿੱਧਾ ਤੁਹਾਡੇ ਕੋਲੋਂ ਯੂਕਰੇਨ ਵਿਚ ਜਾਰੀ ਜੰਗ ਬਾਰੇ ਸੁਣਨ”। ਜ਼ੇਲੈਂਸਕੀ ਅਜਿਹੇ ਸਮੇਂ ਅਮਰੀਕਾ ਪਹੁੰਚੇ ਹਨ ਜਦੋਂ ਯੂਕਰੇਨ 'ਤੇ ਰੂਸ ਦੇ ਹਮਲੇ ਦਾ 300ਵਾਂ ਦਿਨ ਸੀ। ਬਾਇਡਨ ਨੇ ਇਸ ਹਮਲੇ ਨੂੰ ਯੂਕਰੇਨ ਦੇ ਲੋਕਾਂ 'ਤੇ ਗੈਰ-ਵਾਜਬ ਹਮਲਾ ਕਰਾਰ ਦਿੱਤਾ ਹੈ। ਜ਼ੇਲੈਂਸਕੀ ਨੇ ਬੁੱਧਵਾਰ ਨੂੰ ਦਿਨ ਭਰ ਅਮਰੀਕਾ ਦੀ ਚੋਟੀ ਦੀ ਲੀਡਰਸ਼ਿਪ ਨਾਲ ਮੀਟਿੰਗਾਂ ਕੀਤੀਆਂ ਅਤੇ ਅਮਰੀਕੀ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਵੀ ਸੰਬੋਧਨ ਕੀਤਾ। ਉਹਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਇੱਥੇ "ਅਮਰੀਕਾ ਅਤੇ ਦੁਨੀਆ ਭਰ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਆਏ ਹਨ, ਜਿਨ੍ਹਾਂ ਨੇ ਯੂਕਰੇਨ ਲਈ ਬਹੁਤ ਕੁਝ ਕੀਤਾ ਹੈ"। ਜ਼ੇਲੈਂਸਕੀ ਨੇ ਕਿਹਾ, “ਮੈਂ ਉਹਨਾਂ ਸਾਰਿਆਂ ਦਾ ਧੰਨਵਾਦੀ ਹਾਂ। ਅਮਰੀਕਾ ਦਾ ਇਹ ਦੌਰਾ ਅਮਰੀਕਾ ਅਤੇ ਅਮਰੀਕੀ ਲੀਡਰਸ਼ਿਪ ਨਾਲ ਸਾਡੇ ਸਬੰਧਾਂ ਲਈ ਸੱਚਮੁੱਚ ਇਤਿਹਾਸਕ ਹੈ”। ਜ਼ੇਲੈਂਸਕੀ ਨੇ ਬਾਇਡਨ ਨੂੰ ਯੂਕਰੇਨ ਦਾ ਮਿਲਟਰੀ ਮੈਡਲ ‘ਦਿ ਕਰਾਸ ਆਫ਼ ਮਿਲਟਰੀ ਮੈਰਿਟ’ ਵੀ ਸੌਂਪਿਆ। ਇਹ ਵਿਸ਼ੇਸ਼ ਮੈਡਲ ਇਸ ਸਾਲ ਦੇ ਸ਼ੁਰੂ ਵਿਚ ਇਕ ਯੂਕਰੇਨੀ ਅਧਿਕਾਰੀ ਨੂੰ ਜੰਗ ਦੇ ਮੈਦਾਨ ਵਿਚ ਉਸ ਦੀ ਸ਼ਾਨਦਾਰ ਭੂਮਿਕਾ ਲਈ ਦਿੱਤਾ ਗਿਆ ਸੀ। ਅਧਿਕਾਰੀ ਨੇ ਇਸ ਹਫਤੇ ਦੇ ਸ਼ੁਰੂ ਵਿਚ ਬਖਮੁਤ ਵਿਚ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਹ ਧੰਨਵਾਦ ਦੇ ਚਿੰਨ੍ਹ ਵਜੋਂ ਆਪਣਾ ਇਹ ਮੈਡਲ ਬਾਇਡਨ ਨੂੰ ਦੇਣਾ ਚਾਹੁੰਦਾ ਹੈ। ਬਾਇਡਨ ਨੇ ਜ਼ੇਲੈਂਸਕੀ ਨੂੰ ਦੋ 'ਕਮਾਂਡ ਸਿੱਕੇ' ਭੇਟ ਕੀਤੇ। ਇਕ ਉਸ ਯੂਕਰੇਨੀ ਅਧਿਕਾਰੀ ਲਈ ਅਤੇ ਦੂਜਾ ਰਾਸ਼ਟਰਪਤੀ ਜ਼ੇਲੈਂਸਕੀ ਲਈ। ਅਮਰੀਕੀ ਕਾਂਗਰਸ ਨੂੰ ਆਪਣੇ ਸੰਬੋਧਨ ਵਿਚ ਜ਼ੇਲੈਂਸਕੀ ਨੇ ਕਿਹਾ, "ਔਕੜਾਂ, ਨਿਰਾਸ਼ਾਜਨਕ ਦ੍ਰਿਸ਼ਾਂ ਦੇ ਬਾਵਜੂਦ ਯੂਕਰੇਨ ਨੇ ਹੌਂਸਲਾ ਨਹੀਂ ਹਾਰਿਆ। ਯੂਕਰੇਨ ਮਜ਼ਬੂਤ ਹੈ।" ਜ਼ੇਲੈਂਸਕੀ ਨੇ ਅਰਬਾਂ ਡਾਲਰ ਦੀ ਫੌਜੀ ਸਹਾਇਤਾ ਲਈ ਸੰਯੁਕਤ ਰਾਜ ਅਤੇ ਇਸ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ। ਉਹਨਾਂ ਕਿਹਾ, “ਤੁਹਾਡਾ ਪੈਸਾ ਕੋਈ ਖੈਰਾਤ ਨਹੀਂ ਹੈ। ਇਹ ਗਲੋਬਲ ਸੁਰੱਖਿਆ ਅਤੇ ਜਮਹੂਰੀਅਤ ਪ੍ਰਤੀ ਤੁਹਾਡਾ ਯੋਗਦਾਨ ਹੈ, ਜਿਸ ਦੀ ਅਸੀਂ ਬਹੁਤ ਸੋਚ ਸਮਝ ਕੇ ਵਰਤੋਂ ਕਰਾਂਗੇ”। ਇਸ ਤੋਂ ਪਹਿਲਾਂ ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਨੇ ਵੀ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਅਮਰੀਕੀ ਝੰਡਾ ਭੇਂਟ ਕੀਤਾ।