ਡੈਨਵਰ ਏਅਰਪੋਰਟ ‘ਤੇ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਤੇ ਸਾਥੀਆਂ ਨੂੰ ਰੋਕੇ ਜਾਣ ਅਤੇ ਪੱਗਾਂ ਲਾਹ ਕੇ ਚੈਕ ਕੀਤੇ ਜਾਣ ਦਾ ਮਾਮਲਾ ਭਖਿਆ 

ਡੈਨਵਰ, 28 ਸਤੰਬਰ 2024 : ਅਮਰੀਕਾ ਦੇ ਡੈਨਵਰ ਏਅਰਪੋਰਟ ‘ਤੇ ਮੰਨੇ ਪ੍ਰਮੰਨੇ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਰੋਕੇ ਜਾਣ ਅਤੇ ਪੱਗਾਂ ਲਾਹ ਕੇ ਚੈਕ ਕੀਤੇ ਜਾਣ ਨੂੰ ਕਿਹੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਭਾਈ ਵਡਾਲਾ ਵਲੋਂ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਸਦੀ ਜਾਣਕਾਰੀ ਦਿੱਤੀ ਹੈ। ਇਹ ਖ਼ਬਰ ਆਉਣ ‘ਤੇ ਸਿੱਖ ਜਗਤ ਅਤੇ ਬੁਧੀਜੀਵੀਆਂ ਵਲੋਂ ਇਸ ਘਟਨਾ ਦੀ ਨਿਖੇਧੀ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਨੂੰ ਇਸ ਮਾਮਲੇ ‘ਚ ਦਖਲ ਦੇਣ ਦੀ ਮੰਗ ਵੀ ਕੀਤੀ ਜਾ ਰਹੀ ਹੈ। ਐਸਜੀਪੀਸੀ ਵੱਲੋਂ ਇਸ ਮਾਮਲੇ ‘ਤੇ ਕੇਂਦਰ ਨੂੰ ਦਖ਼ਲ ਦੇਣ ਲਈ ਕਿਹਾ ਗਿਆ ਹੈ। ਭਾਈ ਵਡਾਲਾ ਨੇ ਪੋਸਟ ‘ਚ ਲਿਖਿਆ ਹੈ ਕਿ ਉਨ੍ਹਾਂ ਨੇ ਪੱਗਾਂ ਲਾਹ ਕੇ ਚੈਕ ਕਰਵਾਉਣ ਤੋਂ ਇਨਕਾਰ ਕੀਤਾ ਤਾ ਉਨ੍ਹਾਂ ਦੀਆਂ ਟਿਕਟਾਂ ਕੈਂਸਲ ਕਰ ਦਿੱਤੀਆਂ ਗਈਆਂ ਅਤੇ ਉਨ੍ਹਾਂ ਨੂੰ 5 ਘੰਟੇ ਤੱਕ ਏਅਰਪੋਰਟ ‘ਤੇ ਖੱਜਲ ਖੁਆਰ ਹੋਣਾ ਪਿਆ। ਐਸਜੀਪੀਸੀ ਨੇ ਕਿਹਾ ਹੈ ਕਿ ਉਹ ਘਟਨਾ ਦੀ ਪੂਰੀ ਤਫ਼ਸੀਲ ਦੀ ਉਡੀਕ ਕਰ ਰਹੇ ਹਨ ਤਾ ਜੋ ਮਾਮਲੇ ‘ਚ ਢੁਕਵੀਂ ਕਾਰਵਾਈ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ ਹੈ ਜਦੋ ਕੁਝ ਦਿਨ ਪਹਿਲਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅਮਰੀਕਾ ਵਿਚ ਭਾਰਤ ‘ਚ ਸਿੱਖਾਂ ਦੀ ਧਾਰਮਿਕ ਆਜ਼ਾਦੀ ਦਾ ਮੁੱਦਾ ਚੁੱਕਿਆ ਸੀ।