ਐਡਮਿੰਟਨ, 29 ਅਗਸਤ 2024 : ਕੈਨੈਡੀਅਨ ਸਰਕਾਰ ਵੱਲੋਂ ਵਿਜ਼ਟਰ ਵੀਜ਼ਾ ਉਤੇ ਵਰਕ ਪਰਮਿਟ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਇਹ ਭਾਰਤੀਆਂ ਨੂੰ ਦਿੱਤਾ ਗਿਆ ਵੱਡਾ ਝਟਕਾ ਹੈ। ਕੈਨੇਡਾ ਸਰਕਾਰ ਵੱਲੋਂ ਲਿਆ ਗਿਆ ਫੈਸਲਾ ਤੁਰੰਤ ਪ੍ਰਭਾਵ ਨਾਲ 28 ਅਗਸਤ ਤੋਂ ਲਾਗੂ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਜ਼ਟਰ ਜਾਂ ਟੂਰਿਸਟ ਵੀਜ਼ੇ ਉਤੇ ਕੈਨੇਡਾ ਆਉਣ ਵਾਲੇ ਲੋਕ ਵਰਕ ਪਰਮਿਟ ਉਤੇ ਕੰਮ ਕਰਦੇ ਸਨ, ਪ੍ਰੰਤੂ ਹੁਣ ਸਰਕਾਰ ਦੇ ਇਸ ਫੈਸਲੇ ਨਾਲ ਕੰਮ ਬੰਦ ਹੋ ਜਾਵੇਗਾ। ਇਹ ਵੀ ਵਰਨਣਯੋਗ ਹੈ ਕਿ ਕੋਰੋਨਾ ਕਾਲ ਸਮੇਂ ਜਦੋਂ ਕੰਮ ਕਰਨ ਵਾਲਿਆਂ ਦੀ ਘਾਟ ਹੋ ਗਏ ਸੀ ਤਾਂ ਕੈਨੇਡਾ ਸਰਕਾਰ ਨੇ ਸੈਲਾਨੀਆਂ ਨੂੰ ਵਰਕ ਪਰਮਿਟ ਜਾਰੀ ਕਰਕੇ ਕੰਮ ਕਰਨ ਦੀ ਆਗਿਆ ਦੇ ਦਿੱਤੀ ਸੀ। ਹੁਣ ਜੋ ਵਿਜ਼ਟਰ ਜਾਂ ਟੂਰਸਿਟ ਵਿਜ਼ੇ ਉਤੇ ਗਏ ਸਨ ਵਰਕ ਪਰਮਿਟ ਹਾਸਲ ਕਰ ਲਏ ਸਨ ਤਾਂ ਉਨ੍ਹਾਂ ਨੂੰ ਵਾਪਸ ਆਪਣੇ ਦੇਸ਼ ਆਉਣਾ ਪਵੇਗਾ। ਦੇਸ਼ ਪਰਤਣ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਲਈ ਅਰਜ਼ੀ ਭਰਨੀ ਪਵੇਗੀ, ਤਾਂ ਹੀ ਉਹ ਮੁੜ ਕੈਨੇਡਾ ਵਿੱਚ ਕੰਮ ਕਰ ਸਕੇਗਾ। ਕੈਨੇਡਾ ਵਿੱਚ ਜਲਦੀ ਹੀ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਟਰੂਡੋ ਸਰਕਾਰ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਦੇਸ਼ ਦੇ ਨੌਜਵਾਨਾਂ ਲਈ ਰੁਜ਼ਗਾਰ ਦੀ ਘਾਟ ਹੈ। ਜਿਸ ਤਹਿਤ ਸਰਕਾਰ ਨੇ ਇਹ ਫੈਸਲਾ ਲਿਆ ਹੈ, ਜਿਸ ਨਾਲ ਕੈਨੇਡਾ ਦੇ ਮੂਲ ਨਿਵਾਸੀਆਂ ਲਈ ਰੁਜ਼ਗਾਰ ਵਧੇਗਾ। ਇਸ ਤੋਂ ਪਹਿਲਾਂ ਸਰਕਾਰ ਆਰਜ਼ੀ ਨੌਕਰੀਆਂ ਦੀ ਗਿਣਤੀ ਘਟਾਉਣ ਦਾ ਐਲਾਨ ਕਰ ਚੁੱਕੀ ਹੈ।