ਬਰੈਂਪਟਨ, 24 ਮਈ : ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਸਪੈਰੋ ਪਾਰਕ ਵਿੱਚ ਬੀਤੇ ਦਿਨੀਂ ਦਵਿੰਦਰ ਕੌਰ (43) ਦਾ ਉਸ ਦੇ ਪਤੀ ਨਵਨਿਸ਼ਾਨ ਸਿੰਘ (44) ਵਲੋਂ ਚਾਕੂ ਦੇ ਵਾਰ ਕਰਕੇ ਕਤਲ ਕੀਤਾ ਗਿਆ ਸੀ ਅਤੇ ਪੁਲਿਸ ਵਲੋਂ ਦੋਸ਼ੀ ਨੂੰ ਘਟਨਾ ਸਥਾਨ ਤੋਂ 2 ਕੁ ਕਿਲੋਮੀਟਰ ਦੀ ਦੂਰੀ ਤੋਂ ਗ੍ਰਿਫਤਾਰ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਦੋਵੇਂ 20 ਕੁ ਸਾਲ ਪਹਿਲਾਂ ਵਿਆਹੇ ਗਏ ਸਨ ਪਰ ਬੀਤੇ ਛੇ ਕੁ ਮਹੀਨਿਆਂ ਤੋਂ ਵੱਖ ਰਹਿ ਰਹੇ ਸਨ। ਉਨ੍ਹਾਂ ਦੇ ਚਾਰ ਬੱਚੇ ਹਨ। ਮ੍ਰਿਤਕਾ ਦਾ ਛੋਟਾ ਭਰਾ ਲਖਵਿੰਦਰ ਸਿੰਘ ਅਮਰੀਕਾ ਵਾਸੀ ਹੈ ਜਿਸ ਨੇ ਮੀਡੀਆ ਨੂੰ ਦੱਸਿਆ ਹੈ ਕਿ ਨਵਨਿਸ਼ਾਨ ਨੇ ਸਮਝੌਤਾ ਕਰਕੇ ਮੁੜ ਇਕੱਠੇ ਰਹਿਣ ਬਾਰੇ ਗੱਲਬਾਤ ਕਰਨ ਲਈ ਦਵਿੰਦਰ ਨੂੰ ਪਾਰਕ ਵਿੱਚ ਸੱਦਿਆ ਅਤੇ ਘਟਨਾ ਨੂੰ ਅੰਜਾਮ ਦੇ ਦਿੱਤਾ। ਦਵਿੰਦਰ ਦੀ ਮੌਕੇ ੱਤੇ ਦਰਦਨਾਕ ਮੌਤ ਹੋਈ ਅਤੇ ਉਸ ਦੇ ਮਰਨ ਦੇ ਆਖਰੀ ਪਲਾਂ ਦੀ ਇਕ ਵਿਡੀਓ ਕਲਿੱਪ ਸੋਸ਼ਲ ਮੀਡੀਆ ਉਪਰ ਪਾਏ ਜਾਣ ਦੀ ਚਰਚਾ ਵੀ ਹੋਈ ਹੈ। ਪਤਾ ਲੱਗਾ ਹੈ ਕਿ ਉਨ੍ਹਾਂ ਦਾ ਪਰਿਵਾਰ ਪੰਜਾਬ ਤੋਂ ਵੀਜਾ ਲੈਣ ਦੀ ਕੋਸ਼ਿਸ਼ ਵਿੱਚ ਹੈ ਤਾਂਕਿ ਦਵਿੰਦਰ ਦੇ ਅੰਤਿਮ ਦਰਸ਼ਨ ਕਰ ਕੀਤੇ ਜਾ ਸਕਣ। ਮਾਂ ਦੀ ਮੌਤ ਅਤੇ ਕਾਤਲ ਪਿਤਾ ਜੇਲ੍ਹ ਵਿੱਚ ਹੋਣ ਕਰਕੇ ਉਨ੍ਹਾਂ ਦੇ ਬੱਚੇ ਲਾਵਾਰਿਸ ਸਥਿਤੀ ਵਿੱਚ ਹਨ। ਨਵਨਿਸ਼ਾਨ ਨੂੰ ਕਤਲ ਕੇਸ਼ ਵਿੱਚ ਬਰੈਂਪਟਨ ਵਿਖੇ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ। ਕੈਨੇਡਾ ਭਰ ਵਿੱਚ ਘਰੇਲੂ ਹਿੰਸਾ ਕਾਰਨ ਔਰਤਾਂ ਦਾ ਕਤਲਾਂ ਦੀਆਂ ਖਬਰਾਂ ਸਾਰਾ ਸਾਲ ਚਰਚਿਤ ਰਹਿੰਦੀਆਂ ਹਨ ਪਰ ਹਿੰਸਕ ਵਾਰਦਾਤਾਂ ਅਕਸਰ ਘਰਾਂ ਦੇ ਅੰਦਰ ਵਾਪਰਦੀਆਂ ਹਨ। ਪਾਰਕ ਵਿੱਚ ਸੱਦ ਕੇ ਪਤਨੀ ਦੇ ਕਤਲ ਦੀ ਇਸ ਅਨੋਖੀ ਘਟਨਾ ਬਾਰੇ ਸੁਣ ਕੇ ਕੈਨੇਡਾ ਭਰ ਵਿੱਚ ਪੰਜਾਬੀ ਭਾਈਚਾਰਾ ਹੀ ਨਹੀਂ ਸਗੋਂ ਹੋਰਨਾਂ ਭਾਈਚਾਰਿਆਂ ਦੇ ਲੋਕ ਵੀ ਦੁਖੀ ਅਤੇ ਹੈਰਾਨ ਹਨ।