ਭਾਰਤ ਨੂੰ ਅਮਰੀਕਾ ਨੇ ਦਿੱਤਾ ਵੱਡਾ ਝਟਕਾ, ਮੁਦਰਾ ਨਿਗਰਾਨੀ ਸੂਚੀ ‘ਚੋਂ ਕੱਢਿਆ ਬਾਹਰ

ਅਮਰੀਕਾ : ਭਾਰਤ ਨੂੰ ਅਮਰੀਕਾ ਨੇ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਦੇ ਇਸ ਕਦਮ ਤੋਂ ਸਾਰੇ ਦੇਸ਼ ਹੈਰਾਨ ਹਨ। ਅਮਰੀਕਾ ਨੇ ਭਾਰਤ ਦੇ ਨਾਲ-ਨਾਲ ਕਈ ਹੋਰ ਦੇਸ਼ਾਂ ਨੂੰ ਵੀ ਝਟਕਾ ਦਿੱਤਾ ਹੈ। ਅਮਰੀਕਾ ਨੇ ਭਾਰਤ ਨੂੰ ਮੁਦਰਾ ਨਿਗਰਾਨੀ ਸੂਚੀ ‘ਚੋਂ ਬਾਹਰ ਕੱਢ ਦਿੱਤਾ ਹੈ। ਭਾਰਤ ਤੋਂ ਇਲਾਵਾ ਇਟਲੀ, ਮੈਕਸੀਕੋ, ਥਾਈਲੈਂਡ, ਵੀਅਤਨਾਮ ਨੂੰ ਮੁੱਖ ਵਪਾਰਕ ਭਾਈਵਾਲਾਂ ਦੀ ਮੁਦਰਾ ਨਿਗਰਾਨੀ ਸੂਚੀ ਤੋਂ ਹਟਾ ਦਿੱਤਾ ਹੈ। ਦੱਸ ਦੇਈਏ ਭਾਰਤ ਪਿਛਲੇ ਦੋ ਸਾਲਾਂ ਤੋਂ ਇਸ ਸੂਚੀ ਵਿਚ ਸ਼ਾਮਲ ਸੀ। ਦੱਸ ਦੇਈਏ ਕਿ ਕਿਸੇ ਦੇਸ਼ ਦੀ ਵਿਦੇਸ਼ੀ ਪਾਲਿਸੀ ‘ਤੇ ਸ਼ੱਕ ਹੋਣ ‘ਤੇ ਅਮਰੀਕਾ ਉਸ ਨੂੰ ਨਿਗਰਾਨੀ ਸੂਚੀ ਵਿਚ ਪਾ ਦਿੰਦਾ ਹੈ। ਅਮਰੀਕਾ ਵੱਲੋਂ ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਯੂਐੱਸ ਟ੍ਰੇਜਰੀ ਸਕੱਤਰ ਜੇਨੇਟ ਯੇਲੇਨ ਨਵੀਂ ਦਿੱਲੀ ਦੇ ਦੌਰੇ ‘ਤੇ ਹਨ। ਆਪਣੇ ਦਿੱਲੀ ਦੌਰੇ ‘ਤੇ ਉਨ੍ਹਾਂ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਵੀ ਕੀਤੀ। ਯੇਲੇਨ ਦੀ ਭਾਰਤ ਯਾਤਰਾ ਤੋਂ ਪਹਿਲਾਂ ਅਕਤੂਬਰ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਮਰੀਕਾ ਗਈ ਸੀ। ਉਨ੍ਹਾਂ ਨੇ ਅਮਰੀਕੀ ਵਿੱਤ ਮੰਤਰੀ ਯੇਲੇਨ ਨਾਲ ਮੌਜੂਦਾ ਵੈਸ਼ਵਿਕ ਆਰਥਿਕ ਹਾਲਾਤ ‘ਤੇ ਚਰਚਾ ਕੀਤੀ ਸੀ। ਗੌਰਤਲਬ ਹੈ ਕਿ ਵਿੱਤ ਵਿਭਾਗ ਨੇ ਸੰਸਦ ਨੂੰ ਸੌਂਪੀ ਗਈ ਆਪਣੀ ਰਿਪੋਰਟ ਵਿਚ ਕਿਹਾ ਕਿ ਮੌਜੂਦਾ ਨਿਗਰਾਨੀ ਸੂਚੀ ਵਿਚ ਚੀਨ, ਜਾਪਾਨ, ਦੱਖਣੀ ਕੋਰੀਆ, ਜਰਮਨੀ, ਮਲੇਸ਼ੀਆ, ਸਿੰਗਾਪੁਰ ਅਤੇ ਤਾਈਵਾਨ ਸੱਤ ਦੇਸ਼ ਹਨ ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਦੇਸ਼ਾਂ ਨੂੰ ਸੂਚੀ ਤੋਂ ਹਟਾ ਦਿੱਤਾ ਗਿਆ ਹੈ ਉਹ ਲਗਾਤਾਰ ਦੋ ਰਿਪੋਰਟਾਂ ਲਈ ਤਿੰਨ ਮਾਪਦੰਡਾਂ ਵਿਚੋਂ ਸਿਰਫ ਇਕ ਨੂੰ ਹੀ ਪੂਰਾ ਕਰ ਸਕੇ ਹਨ। ਖਜ਼ਾਨਾ ਸਕੱਤਰ ਯੇਲੇਨ ਨੇ ਕਿਹਾ ਕਿ ਵਿਸ਼ਵ ਅਰਥਵਿਵਸਥਾ ਪਹਿਲਾਂ ਹੀ ਯੂਕਰੇਨ ਵਿਰੁੱਧ ਰੂਸ ਦੀ ਲੜਾਈ ਅਤੇ ਪਹਿਲਾਂ ਕੋਵਿਡ -19 ਦੇ ਕਾਰਨ ਸਪਲਾਈ ਅਤੇ ਮੰਗ ਦੇ ਅਸੰਤੁਲਨ ਨਾਲ ਨਜਿੱਠ ਰਹੀ ਹੈ। ਇਨ੍ਹਾਂ ਦੋਵਾਂ ਕਾਰਨਾਂ ਕਾਰਨ ਭੋਜਨ, ਖਾਦ ਅਤੇ ਊਰਜਾ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਸ ਨਾਲ ਵਿਸ਼ਵਵਿਆਪੀ ਮਹਿੰਗਾਈ ਅਤੇ ਭੋਜਨ ਦੀ ਅਸੁਰੱਖਿਆ ਵਧੀ ਹੈ।