ਕਾਠਮੰਡੂ, 28 ਸਤੰਬਰ 2024 : ਨੇਪਾਲ ਵਿੱਚ ਲਗਾਤਾਰ ਮੀਂਹ ਨੇ ਕਈ ਸ਼ਹਿਰਾਂ ਵਿੱਚ ਤਬਾਹੀ ਮਚਾਈ ਹੋਈ ਹੈ। ਇੱਕ ਮੀਡੀਆ ਰਿਪੋਰਟ ਮੁਤਾਬਕ ਨੇਪਾਲ ਵਿੱਚ ਹੜ੍ਹ ਕਾਰਨ ਘੱਟੋ-ਘੱਟ 39 ਲੋਕਾਂ ਦੀ ਮੌਤ ਹੋ ਗਈ। ਨੇਪਾਲ ਦੇ ਕਈ ਹਿੱਸੇ ਸ਼ੁੱਕਰਵਾਰ ਤੋਂ ਮੀਂਹ ਨਾਲ ਡੁੱਬੇ ਹੋਏ ਹਨ। ਭਾਰੀ ਮੀਂਹ ਦੇ ਕਾਰਨ, ਆਫ਼ਤ ਅਧਿਕਾਰੀਆਂ ਨੇ ਅਚਾਨਕ ਹੜ੍ਹਾਂ ਦੀ ਚਿਤਾਵਨੀ ਜਾਰੀ ਕੀਤੀ ਹੈ। MyRepublic.com ਦੀ ਰਿਪੋਰਟ ਅਨੁਸਾਰ ਕਾਠਮੰਡੂ ਵਿੱਚ 9, ਲਲਿਤਪੁਰ ਵਿੱਚ 16, ਭਗਤਪੁਰ ਵਿੱਚ ਪੰਜ, ਕਾਵੇਰਪਾਲਨ ਚੌਕ ਵਿੱਚ ਤਿੰਨ, ਪੰਜਥਰ ਅਤੇ ਧਨਕੁਟਾ ਵਿੱਚ ਦੋ-ਦੋ ਅਤੇ ਝਾਪਾ ਅਤੇ ਧਾਡਿੰਗ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ। ਹੜ੍ਹ ਕਾਰਨ ਕੁੱਲ 11 ਲੋਕ ਲਾਪਤਾ ਵੀ ਹੋ ਗਏ ਹਨ। ਪੁਲਿਸ ਨੇ ਦੱਸਿਆ ਕਿ ਕਾਠਮੰਡੂ 'ਚ 226 ਘਰ ਪਾਣੀ 'ਚ ਡੁੱਬ ਗਏ ਹਨ ਅਤੇ ਨੇਪਾਲ ਪੁਲਿਸ ਵਲੋਂ ਪ੍ਰਭਾਵਿਤ ਇਲਾਕਿਆਂ 'ਚ ਕਰੀਬ 3,000 ਸੁਰੱਖਿਆ ਕਰਮਚਾਰੀਆਂ ਦੀ ਇਕ ਬਚਾਅ ਟੀਮ ਤਾਇਨਾਤ ਕੀਤੀ ਗਈ ਹੈ।