ਸਿੱਖ ਕੌਮ ਨੂੰ ਸ਼ਹਾਦਤ ਦੀ ਗੁੜ੍ਹਤੀ ਪਿਲਾਉਣ ਵਾਲ਼ੇ ਪੰਜਵੇਂ ਗੁਰੂ ।

ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਵਿਸ਼ਵ ਦੇ ਇਤਿਹਾਸ ਵਿੱਚ ਮਾਨਵ ਤਸ਼ੱਦਦ ਵਿਰੁੱਧ ਇੱਕ ਇਨਕਲਾਬੀ ਸੰਦੇਸ਼ ਸੀ। ਉਹਨਾਂ ਦੀ ਅਦੁੱਤੀ ਸ਼ਹਾਦਤ ਦਾ ਰਹਿੰਦੀ ਦੁਨੀਆਂ ਤੱਕ ਕੋਈ ਮੁਕਾਬਲਾ ਨਹੀਂ। ਆਪ ਜੀ ਦੀ ਕੁਰਬਾਨੀ ਸਿੱਖ ਇਤਿਹਾਸ ਵਿੱਚ ਇੱਕ ਕ੍ਰਾਂਤੀਕਾਰੀ ਪੰਨੇ ਦੇ ਤੌਰ ਤੇ ਸਦੀਵੀ ਦਰਜ ਹੈ, ਜੋ ਹਰ ਸਿੱਖ ਅਤੇ ਮਨੁੱਖਤਾ ਦੇ ਮੁਦਈ ਇਨਸਾਨ ਲਈ ਪ੍ਰੇਰਣਾ ਦਾ ਸ੍ਰੋਤ ਹੈ। ਜੇਕਰ ਸਿੱਖ ਧਰਮ ਵਿੱਚ ‘ਸ਼ਹਾਦਤ’ ਦੀ ਪ੍ਰੀਭਾਸ਼ਾ ਨੂੰ ਜਾਨਣਾ ਹੋਵੇ ਤਾਂ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਨੂੰ ਸਮਝਣਾ ਪਵੇਗਾ। ਸਿੱਖ ਕੌਮ ਨੂੰ ਜ਼ੁਲਮ ਵਿਰੁੱਧ ਅੜਨ, ਲੜਨ ਅਤੇ ਮਰਨ ਦਾ ਜ਼ਜਬਾ ਗੁਰੂ ਸਾਹਿਬ ਦੀ ਸ਼ਹਾਦਤ ਤੋਂ ‘ਗੁੜ੍ਹਤੀ’ ਦੇ ਰੂਪ ਵਿੱਚ ਮਿਲਿਆ ਹੈ। ਆਪ ਜੀ ਦਾ ਜਨਮ ਸੰਨ 1563 ਈਸਵੀ ਨੂੰ ਚੌਥੇ ਗੁਰੂ, ਸ਼੍ਰੀ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਤੀਸਰੇ ਗੁਰੂ, ਗੁਰੂ ਅਮਰ ਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਦੀ ਕੁੱਖੋਂ ਗੋਇੰਦਵਾਲ ਸਾਹਿਬ (ਪੰਜਾਬ) ਵਿਖੇ ਹੋਇਆ। ਗੁਰੂ ਜੀ ਨੇ ਆਪਣੇ ਗੁਰਗੱਦੀ ਕਾਲ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾਂ ਦਾ ਮਹਾਨ ਕਾਰਜ ਕੀਤਾ। ਆਪ ਜੀ ਨੇ ਇਹ ਕਾਰਜ ਸੰਨ 1601 ਈਸਵੀ ਤੋਂ ਸ਼ੁਰੂ ਕਰਕੇ ਸੰਨ 1604 ਈਸਵੀ ਤੱਕ ਇਸਨੂੰ ਸੰਪੂਰਨ ਕੀਤਾ, ਜਿਸ ਵਿੱਚ 36 ਮਹਾਂਪੁਰਸ਼ਾਂ ਦੀ ਰੱਬੀ ਬਾਣੀ ਦਰਜ ਕਰਕੇ 30 ਅਗਸਤ 1604 ਈਸਵੀ ਨੂੰ ਦਰਬਾਰ ਸਾਹਿਬ ਵਿਖੇ ਪਹਿਲੀ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ। ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਕਾਲ ਸਮੇਂ ਦੇ ਮੁਗ਼ਲ ਹੁਕਮਰਾਨ ਬਾਦਸ਼ਾਹ ਜਹਾਂਗੀਰ ਆਪਣੀ ਧਾਰਮਿਕ ਕੱਟੜਤਾ ਅਤੇ ਤੰਗਦਿਲੀ ਕਾਰਨ ਸਿੱਖ ਲਹਿਰ ਨੂੰ ਦਬਾਕੇ ਹਿੰਦੂ ਅਤੇ ਸਿੱਖਾਂ ਨੂੰ ਮੁਸਲਿਮ ਧਰਮ ਵਿੱਚ ਸ਼ਾਮਲ ਕਰਨਾ ਚਾਹੁੰਦਾ ਸੀ। ਜਹਾਂਗੀਰ ਕਿਸੇ ਨਾ ਕਿਸੇ ਬਹਾਨੇ ਇਸ ਤਾਕ ਵਿੱਚ ਸੀ ਕਿ ਗੁਰੂ ਜੀ ਨੂੰ ਤਾਂ ਮੁਸਲਿਮ ਧਰਮ ਅਪਣਾ ਲੈਣ ਲਈ ਰਜ਼ਾਮੰਦ ਕਰ ਲਿਆ ਜਾਵੇ ਅਤੇ ਜਾਂ ਧਰਮ ਪਰਿਵਰਤਨ ਨਾ ਕਰਨ ਤੇ ਉਹਨਾਂ ਨੂੰ ਸ਼ਹੀਦ ਕਰਕੇ ਕਰ ਦਿੱਤਾ ਜਾਵੇ। ਪਰ ਗੁਰੂ ਜੀ ਦੀ ਦ੍ਰਿੜਤਾ ਅਤੇ ਚੜ੍ਹਦੀ ਕਲਾ ਅੱਗੇ ਜਹਾਂਗੀਰ ਨੂੰ ਗੋਡੇ ਟੇਕਣੇ ਪੈ ਗਏ ਅਤੇ ਉਸਨੇ ਬੌਖਲ਼ਾਕੇ ਗੁਰੂ ਸਾਹਿਬ ਨੂੰ ਯਾਸਾ ਏ ਸਿਆਸਤ ਅਧੀਨ ਸਜ਼ਾ ਸੁਣਾ ਦਿੱਤੀ, ਜਿਸਤੋਂ ਭਾਵ ਤਸੀਹੇ ਦੇ ਕੇ ਮਾਰਨਾ ਹੈ। ਇਸ ਤਰਾਂ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਉੱਤੇ ਬਿਠਾਕੇ ਸਰੀਰ ਉੱਪਰ ਗਰਮ ਰੇਤ ਪਾ ਕੇ 30 ਮਈ 1606 ਈਸਵੀ ਨੂੰ ਸ਼ਹੀਦ ਕਰ ਦਿੱਤਾ ਗਿਆ। ਗੁਰੂ ਜੀ ਦੀ ਲਾਸਾਨੀ ਸ਼ਹਾਦਤ ਨੇ ਸਿੱਖ ਕੌਮ ਵਿੱਚ ਕੁਰਬਾਨ ਹੋਣ ਅਤੇ ਸ਼ਹਾਦਤ ਦੇ ਕੇ ਆਪਾ ਵਾਰਨ ਦੀ ਪ੍ਰੰਪਰਾ ਨੂੰ ਅੱਗੇ ਤੋਰਿਆ। ਗੁਰੂ ਜੀ ਵੱਲੋਂ ਚਲਾਈ ‘ਸ਼ਹਾਦਤ’ ਦੀ ਪ੍ਰੰਪਰਾ ਅੱਜ ਵੀ ਸਿੱਖ ਕੌਮ ਦੇ ਵਿੱਚ ਹਿਰਦਿਆਂ ਵਿੱਚ ਜਿਉਂ ਦੀ ਤਿਉਂ ਜੀਵਤ ਹੈ।

Add new comment