- ਮੀਟਿੰਗ ’ਚ 150 ਸਫ਼ਾਈ ਸੇਵਕਾਂ ਤੇ 30 ਸੀਵਰਮੈਨਾਂ ਦੀ ਠੇਕੇ ’ਤੇ ਭਰਤੀ ਕਰਨ ਦਾ ਮਤਾ ਹੋਇਆ ਪਾਸ
- ਸੀਵਰੇਜ਼ ਬਲਾਕੇਜ ਦੀ ਸਮੱਸਿਆ ਨੂੰ ਦੂਰ ਕਰਨ ਲਈ 3 ਹਜ਼ਾਰ ਲੀਟਰ ਵਾਲੇ ਸੀਵਰ ਸਕਸ਼ਨ ਟੈਂਕਰ ਦੀ ਹੋਵੇਗੀ ਖਰੀਦ
- ਆਵਾਰਾ ਪਸ਼ੂਆਂ ਤੋਂ ਨਿਜ਼ਾਤ ਪਾਉਣ ਲਈ ਪਸ਼ੂ ਪਾਲਣ ਵਿਭਾਗ ਨਾਲ ਮਿਲ ਕੇ ਚਲਾਇਆ ਜਾਵੇਗਾ ਨਸਬੰਦੀ ਪ੍ਰੋਗਰਾਮ
ਹੁਸ਼ਿਆਰਪੁਰ, 1 ਜੂਨ : ਮੇਅਰ ਨਗਰ ਨਿਗਮ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਦੇਣ ਲਈ ਵੱਖ-ਵੱਖ ਮਤੇ ਪਾਸ ਕਰਨ ਸਬੰਧੀ ਹਾਊਸ ਦੀ ਜਨਰਲ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਕੋਮਲ ਮਿੱਤਲ, ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਸਮੂਹ ਕੌਂਸਲਰ ਅਤੇ ਨਗਰ ਨਿਗਮ ਦੇ ਵੱਖ-ਵੱਖ ਅਫ਼ਸਰਾਂ ਨੇ ਹਿੱਸਾ ਲਿਆ। ਮੇਅਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਪੁਖਤਾ ਕਰਨ ਲਈ ਪਹਿਲੇ ਪੜਾਅ ਵਿਚ 151 ਸਫ਼ਾਈ ਸੇਵਕਾਂ ਅਤੇ 40 ਸੀਵਰਮੈਨਾਂ ਦੀ ਠੇਕੇ ’ਤੇ ਭਰਤੀ ਕੀਤੀ ਗਈ ਸੀ, ਹੁਣ ਦੂਜੇ ਪੜਾਅ ਵਿਚ 150 ਸਫ਼ਾਈ ਸੇਵਕਾਂ ਅਤੇ 30 ਸੀਵਰਮੈਨਾਂ ਦੀ ਠੇਕੇ ’ਤੇ ਭਰਤੀ ਕਰਨ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਦਸਤੀ ਤੌਰ ’ਤੇ ਬਿਨੈ ਪੱਤਰ ਪ੍ਰਾਪਤ ਕੀਤੇ ਕਰਕੇ ਜਲਦ ਤੋਂ ਜਲਦ ਇਹ ਭਰਤੀ ਕੀਤੇ ਜਾਣ ਦਾ ਮਤਾ ਪਾਸ ਕੀਤਾ ਗਿਆ ਅਤੇ ਇਸ ਕਾਰਜ ਨੂੰ ਸਮੇਂ ਸਿਰ ਨਿਪਟਾਉਣ ਲਈ ਅਫ਼ਸਰਾਂ ਨੂੰ ਸਖਤ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲਾਵਾਰਿਸ ਪਸ਼ੂਆਂ ਅਤੇ ਗਊਧਨ ਦੀ ਸੰਭਾਲ ਲਈ ਨਗਰ ਨਿਗਮ ਵਲੋਂ ਏਕਤਾ ਨਗਰ ਵਿਚ ਜੋ ਸਰਕਾਰੀ ਗਊਸ਼ਾਲਾ ਚਲਾਈ ਜਾ ਰਹੀ ਹੈ, ਉਸ ਦੇ ਰੱਖ-ਰਖਾਅ ਦਾ ਕੰਮ ਸ਼੍ਰੀ ਗਊ ਸੇਵਾ ਸੰਮਤੀ ਹੁਸ਼ਿਆਰਪੁਰ ਵਲੋਂ ਕੀਤਾ ਜਾ ਰਿਹਾ ਹੈ, ਉਸ ਵਿਚ 5 ਫਰਵਰੀ 2023 ਤੋਂ 4 ਫਰਵਰੀ 2024 ਤੱਕ ਇਕ ਸਾਲ ਦਾ ਵਾਧਾ ਕੀਤਾ ਗਿਆ ਹੈ। ਮੇਅਰ ਨੇ ਦੱਸਿਆ ਕਿ ਸੀਰਵੇਜ਼ ਬਲਾਕੇਜ ਦੀ ਸਮੱਸਿਆ ਨੂੰ ਤੁਰੰਤ ਦੂਰ ਕਰਨ ਲਈ 3 ਹਜ਼ਾਰ ਲੀਟਰ ਸੀਵਰ ਸਕਸ਼ਨ ਟੈਂਕਰ ਦੀ ਖਰੀਦ ਕੀਤੀ ਜਾ ਰਹੀ ਹੈ, ਜਿਸ ਦੀ ਕੀਮਤ 5,75,000 ਰੁਪਏ ਹੈ। ਅਵਾਰਾ ਕੁੱਤਿਆਂ ਤੋਂ ਨਿਜ਼ਾਤ ਪਾਉਣ ਲਈ ਨਗਰ ਨਿਗਮ ਵਲੋਂ ਅਹਿਮ ਉਪਰਾਲੇ ਕਰਦੇ ਹੋਏ ਕੁੱਤਿਆਂ ਦੀ ਨਸਬੰਦੀ ਦਾ ਵਿਸਥਾਰਤ ਪ੍ਰੋਗਰਾਮ ਬਣਾਇਆ ਗਿਆ ਹੈ ਅਤੇ ਇਸ ਅਹਿਮ ਕੰਮ ਨੂੰ 2 ਵਿਭਾਗਾਂ ਨਗਰ ਨਿਗਮ ਅਤੇ ਪਸ਼ੂ ਪਾਲਣ ਵਿਭਾਗ ਵਲੋਂ ਸਾਂਝੇ ਤੌਰ ’ਤੇ ਕੀਤਾ ਜਾਵੇਗਾ। ਇਸ ਤਹਿਤ ਜਿਥੇ ਕੁੱਤਿਆਂ ਦਾ ਓਪਰੇਸ਼ਨ ਪਸ਼ੂ ਪਾਲਣ ਵਿਭਾਗ ਵਲੋਂ ਕੀਤਾ ਜਾਵੇਗਾ, ਉਥੇ ਪਸ਼ੂ ਪਾਲਣ ਡਿਸਪੈਂਸਰੀ ਵਿਚ ਇਨ੍ਹਾਂ ਨੂੰ ਰੱਖਣ ਲਈ ਜਗ੍ਹਾ ਵਿਭਾਗ ਵਲੋਂ ਦਿੱਤੀ ਜਾਵੇਗੀ। ਦਵਾਈਆਂ ਤੇ ਖਾਣ-ਪੀਣ ਦਾ ਖਰਚਾ ਅਤੇ ਕੁੱਤਿਆਂ ਦੀ ਦੇਖਭਾਲ ਲਈ ਰੱਖੇ ਜਾਣ ਵਾਲੇ ਸਟਾਫ਼ ਦਾ ਖਰਚਾ ਨਗਰ ਨਿਗਮ ਵਲੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ 11 ਲੱਖ ਰੁਪਏ ਦੀ ਕੀਮਤ ਦੀ ਡਬਲ ਐਕਟਿੰਗ ਸ਼ਾਕ ਆਬਜ਼ੋਰਬਰਗ ਡਾਗ ਸਕਵੈਡ ਵੈਨ ਦੀ ਖਰੀਦ ਵੀ ਕੀਤੀ ਜਾ ਰਹੀ ਹੈ, ਤਾਂ ਜੋ ਸ਼ਹਿਰ ਵਾਸੀਆਂ ਨੂੰ ਅਵਾਰਾ ਕੁੱਤਿਆਂ ਤੋਂ ਨਿਜ਼ਾਤ ਮਿਲ ਸਕੇ। ਮੇਅਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਐਡਵਰਟਾਈਜ਼ਮੈਂਟ ਟੈਕਸ ਕੁਲੈਕਸ਼ਨ ਦੇ ਕੰਮ ਨੂੰ ਪੁਪਤਾ ਕਰਨ ਅਤੇ ਲੋਕ ਸੁਵਿਧਾ ਲਈ ਆਨਲਾਈਨ ਐਡਵਰਟਾਈਜ਼ਮੈਂਟ ਪੋਰਟਲ ਚਲਾਉਣ ਦੇ ਮਤੇ ਨੂੰ ਹਾਊਸ ਦੀ ਮੀਟਿੰਗ ਵਿਚ ਪਾਸ ਕੀਤਾ ਗਿਆ, ਜਿਸ ਤਹਿਤ ਕੋਈ ਵੀ ਵਿਅਕਤੀ ਟੈਕਸ ਅਦਾ ਕਰਕੇ ਪੋਰਟਲ ’ਤੇ ਆਪਣੀ ਸਾਈਟ ਬੁੱਕ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਮ ਜਨਤਾ ਨੂੰ 100 ਫੀਸਦੀ ਵਾਟਰ ਸਪਲਾਈ ਅਤੇ ਸੀਵਰੇਜ ਦੀ ਸੁਵਿਧਾ ਦੇਣ ਲਈ ਸ਼ਹਿਰ ਦੇ ਵੱਖ-ਵੱਖ ਥਾਵਾਂ ਜਿਵੇਂ ਕਿ ਛੱਤਾ ਬਾਜ਼ਾਰ ਵਾਰਡ ਨੰਬਰ 38 ਸੀਵਰੇਜ਼ ਦੀਆਂ ਪਾਈਪਾਂ ਰਿਪੇਅਰ ਕਰਵਾਉਣ ਦਾ ਫੈਸਲਾ ਲਿਆ ਗਿਆ, ਜਿਸ ਵਿਚ 3.18 ਲੱਖ ਰੁਪਏ ਖਰਚਾ ਆਵੇਗਾ, ਇਸ ਦੇ ਨਾਲ ਹੀ ਬੱਬੂ ਹੋਟਲ ਵਾਲੀ ਗਲੀ ਵਾਰਡ ਨੰਬਰ 2 ਹੁਸ਼ਿਆਰਪੁਰ ਦੀ ਸੀਵਰ ਲਾਈਨਾਂ ਵੀ ਬਦਲੀਆਂ ਜਾ ਰਹੀਆਂ ਹਨ, ਜਿਸ ’ਤੇ 7.77 ਲੱਖ ਰੁਪਏ ਖਰਚ ਆਉਣਗੇ। ਵਾਰਡ ਨੰਬਰ 3 ਅਤੇ 36 ਬਹਾਦਰਪੁਰ ਅਧੀਨ ਆਉਂਦੇ ਇਲਾਕੇ ਵਿਚ ਪੁਰਾਣੇ ਸਮੇਂ ਦੇ ਸੀਵਰ ਲਾਈਨਾਂ ਨੂੰ ਬਦਲਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦੀ ਕੀਮਤ 11.92 ਲੱਖ ਰੁਪਏ ਬਣਦੀ ਹੈ। ਇਸ ਕੰਮ ਵਿਚ ਮੁਹੱਲਾ ਕੀਰਤੀ ਨਗਰ ਵਾਰਡ ਨੰਬਰ 20 ਦੀਆਂ ਸੀਵਰ ਲਾਈਨਾਂ ਵੀ ਬਦਲੀਆਂ ਜਾ ਰਹੀਆਂ ਹਨ, ਜਿਸ ’ਤੇ 19 ਲੱਖ ਰੁਪਏ ਖਰਚ ਆਉਣਗੇ।