- ਮਨਰੇਗਾ ਸਕੀਮ ਅਧੀਨ 140 ਖੇਡ ਮੈਦਾਨਾਂ ਦਾ ਕਰਵਾਇਆ ਜਾਵੇਗਾ ਨਿਰਾਮਣ
- ਹਰ ਪੰਦਰਵਾੜੇ ਹੋਵੇਗੀ ਮਨਰੇਗਾ ਤਹਿਤ ਚੱਲ ਰਹੇ ਕੰਮਾਂ ਦੀ ਸਮੀਖਿਆ
ਕਪੂਰਥਲਾ, 10 ਸਤੰਬਰ 2024 : ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵਲੋਂ ਅੱਜ ਜ਼ਿਲ੍ਹੇ ਭਰ ’ਚ ਮਗਨਰੇਗਾ ਸਕੀਮ ਤਹਿਤ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਡਾ.ਨਯਨ ਅਤੇ ਸਮੂਹ ਬੀ.ਡੀ.ਪੀ.ਓਜ਼ ਨਾਲ ਸਮੀਖਿਆ ਮੀਟਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਸਮੂਹ ਬੀ.ਡੀ.ਪੀ.ਓਜ਼ ਨੂੰ ਹਦਾਇਤ ਕੀਤੀ ਕਿ ਸਰਕਾਰ ਵਲੋਂ ਨਿਰਧਾਰਿਤ ਟੀਚਿਆਂ ਦੀ ਪ੍ਰਾਪਤ ਸਮੇਂ ਸਿਰ ਕੀਤੀ ਜਾਣੀ ਯਕੀਨੀ ਬਣਾਈ ਜਾਵੇ। ਉਹਨਾਂ ਦੱਸਿਆ ਕਿ ਹਰ ਪੰਦਰਵਾੜੇ ਮਨਰੇਗਾ ਸਕੀਮ ਦਾ ਰੀਵਿਊ ਕੀਤਾ ਜਾਵੇਗਾ ਅਤੇ ਬੀ.ਡੀ.ਪੀ.ਓਜ਼ ਆਪਣੇ-ਆਪਣੇ ਅਧਿਕਾਰ ਖੇਤਰ ’ਚ ਆਉਂਦੇ ਪਿੰਡਾਂ ਅੰਦਰ ਮਨਰੇਗਾ ਸਕੀਮ ਤਹਿਤ ਵਿਕਾਸ ਕਾਰਜ਼ਾਂ ’ਚ ਤੇਜ਼ੀ ਲਿਆਉਣ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਇਸਦਾ ਲਾਭ ਪੁੱਜਦਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮੰਤਵ ਨਾਲ 140 ਖੇਡ ਮੈਦਾਨਾਂ ਦਾ ਨਿਰਮਾਣ ਮਨਰੇਗਾ ਸਕੀਮ ਅਧੀਨ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਮਨਰੇਗਾ ਸਕੀਮ ਅਧੀਨ ਹੁਣ ਤੱਕ 22.50 ਕਰੋੜ ਦੇ ਫੰਡ ਵਿੱਤੀ ਵਰੇ ਦੌਰਾਨ ਖਰਚ ਕੀਤੇ ਗਏ ਹਨ ਅਤੇ 4 ਲੱਖ ਮਨੁੱਖੀ ਦਿਹਾੜੀਆਂ ਦਾ ਸਿਰਜਣ ਵਿੱਤੀ ਵਰੇ ਦੌਰਾਨ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਮਨਰੇਗਾ ਸਕੀਮ ਅਧੀਨ ਜ਼ਿਲ੍ਹੇ ਵਿੱਚ 23 ਆਂਗਨਵਾੜੀ ਕੇਂਦਰਾਂ ਦੀ ਉਸਾਰੀ ਦਾ ਕੰਮ ਚਲ ਰਿਹਾ ਹੈ ਅਤੇ 41 ਮਾਡਲ ਛੱਪੜ ਤਿਆਰ ਕਰਵਾਏ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੌਨਸੂਨ ਸੀਜਨ ਦੌਰਾਨ ਜ਼ਿਲ੍ਹੇ ਭਰ ’ਚ 4 ਲੱਖ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਸੀ ਅਤੇ ਹੁਣ ਤੱਕ 3 ਲੱਖ ਤੋਂ ਵੱਧ ਬੂਟੇ ਵੱਖ-ਵੱਖ ਪਿੰਡਾਂ ਵਿੱਚ ਲਗਾਏ ਜਾ ਚੁੱਕੇ ਹਨ।