- ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਨੇ ਚੋਣ ਡਿਊਟੀ ‘ਤੇ ਜਾ ਰਹੇ ਸਟਾਫ ਨੂੰ ਡਿਸਪੈਚ ਬਰਿਫਿੰਗ ਕੀਤੀ
- ਮੰਗਲਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ: ਡਿਪਟੀ ਕਮਿਸ਼ਨਰ
- ਸਰਪੰਚ ਦੇ ਅਹੁਦੇ ਲਈ 2730 ਤੇ ਪੰਚ ਦੇ ਅਹੁਦੇ ਲਈ 6751 ਉਮੀਦਵਾਰ ਲੜ ਰਹੇ ਹਨ ਚੋਣ
ਹੁਸ਼ਿਆਰਪੁਰ, 14 ਅਕਤੂਬਰ 2024 : ਜ਼ਿਲ੍ਹੇ ਵਿਚ ਮੰਗਲਵਾਰ ਨੂੰ 1683 ਪੋਲਿੰਗ ਬੂਥਾਂ ’ਤੇ ਪੰਚਾਇਤੀ ਚੋਣਾਂ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਤਿਆਰੀਆਂ ਅਤੇ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਅਤੇ ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਸਾਂਝੇ ਤੌਰ ‘ਤੇ ਅੱਜ ਸਥਾਨਕ ਪੰਡਿਤ ਜੇ.ਆਰ. ਬਹੁਤਕਨੀਕੀ ਕਾਲਜ ਤੋਂ ਇਲਾਵਾ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ‘ਤੇ ਪੋਲਿੰਗ ਪਾਰਟੀਆਂ ਅਤੇ ਸੁਰੱਖਿਆ ਬਲਾਂ ਨੂੰ ਰਵਾਨਾ ਕਰਨ ਤੋਂ ਪਹਿਲਾ ਡਿਸਪੈਚ ਬਰੀਫਿੰਗ ਕੀਤੀ। ਉਨ੍ਹਾਂ ਨੇ ਚੋਣ ਅਮਲੇ ਨੂੰ ਤਿਆਰੀਆਂ, ਸੁਰੱਖਿਆ ਵਿਵਸਥਾ ਅਤੇ ਵੋਟ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੀਤੇ ਗਏ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਲਈ ਵੋਟਾਂ 15 ਅਕਤੂਬਰ 2024 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਵੋਟਾਂ ਪੈਣ ਤੋਂ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਉਨ੍ਹਾਂ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਨਿਰਧਾਰਤ ਸਮੇਂ ‘ਤੇ ਪੋਲਿੰਗ ਸਟੇਸ਼ਨਾਂ ‘ਤੇ ਪਹੁੰਚਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 10 ਬਲਾਕ ਹਨ ਅਤੇ ਵੋਟਰ ਬੂਥਾਂ ਦੀ ਗਿਣਤੀ 1683 ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 1405 ਗ੍ਰਾਮ ਪੰਚਾਇਤਾਂ ਅਤੇ ਵਾਰਡਾਂ ਦੀ ਗਿਣਤੀ 8041 ਹੈ। ਕੁੱਲ ਵੋਟਰਾਂ ਦੀ ਗਿਣਤੀ (ਪੂਰਕ ਸੂਚੀ ਤੋਂ ਪਹਿਲਾਂ) 989093 ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸਰਪੰਚ ਦੇ ਅਹੁਦੇ ਲਈ ਕੁੱਲ 2730 ਅਤੇ ਪੰਚ ਦੇ ਅਹੁਦੇ ਲਈ 6751 ਉਮੀਦਵਾਰ ਚੋਣ ਲੜ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 265 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਨ ਅਤੇ ਇਸ ਤੋਂ ਇਲਾਵਾ ਕਈ ਥਾਵਾਂ ‘ਤੇ ਸਰਪੰਚ ਅਤੇ ਪੰਚ ਦੀ ਸਰਬਸੰਮਤੀ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 10 ਹਜ਼ਾਰ ਤੋਂ ਵੱਧ ਪੋਲਿੰਗ ਸਟਾਫ ਇਨ੍ਹਾਂ ਚੋਣਾਂ ਵਿਚ ਆਪਣੀ ਡਿਊਟੀ ਨਿਭਾਅ ਰਿਹਾ ਹੈ।ਇਸੇ ਤਰ੍ਹਾਂ ਸੁਰੱਖਿਆ ਵਿਵਸਥਾ ਸਬੰਧੀ ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਵੋਟਾਂ ਦੌਰਾਨ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹੇ ਵਿਚ 3500 ਤੋਂ ਵੱਧ ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ, ਤਾਂ ਜੋ ਕਿਸੇ ਵੀ ਪ੍ਰਕਾਰ ਦੀ ਗੜਬੜੀ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪੰਚਾਇਤ ਚੋਣਾਂ ਨੂੰ ਲੈ ਕੇ 65 ਪੈਟਰੋਲਿੰਗ ਪਾਰਟੀਆ ਬਣਾਈਆਂ ਗਈਆਂ ਹਨ, 14 ਡੀ.ਐਸ.ਪੀਜ਼ ਤੋਂ ਇਲਾਵਾ 4 ਐਸ.ਪੀ ਸੁਪਰਵਾਈਜ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਅਤੇ ਅਤਿਸੰਵੇਦਨਸ਼ੀਲ ਪੋਲਿੰਗ ਕੇਂਦਰਾਂ ‘ਤੇ ਵਿਸ਼ੇਸ਼ ਤੌਰ ‘ਤੇ ਸੁਰੱਖਿਆ ਬਲ ਤਾਇਤਾਨ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੋਲਿੰਗ ਸਟੇਸ਼ਨ ‘ਤੇ ਪਛਾਣ ਪੱਤਰ ਦੇ ਰੂਪ ਵਿਚ ਨਾਗਰਿਕ ਆਪਣਾ ਵੋਟਰ ਕਾਰਡ, ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ, ਮਗਨਰੇਗਾ ਜਾਬ ਕਾਰਡ, ਡਰਾਈਵਿੰਗ ਲਾਈਸੈਂਸ, ਰਾਸ਼ਨ ਕਾਰਡ ਅਤੇ ਨੀਲਾ ਕਾਰਡ ਦਿਖਾ ਕੇ ਆਪਣੀ ਵੋਟ ਪਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨਾਗਰਿਕ ਪਾਸਬੁੱਕ (ਬੈਂਕ/ਘਾਕਘਰ ਵੱਲੋਂ ਜਾਰੀ) ਜਿਸ ਵਿਚ ਤਸਵੀਰ ਹੋਵੇ, ਸਿਹਤ ਬੀਮਾ ਕਾਰਡ (ਕਿਰਤ ਮੰਤਰਾਲਾ ਵੱਲੋਂ ਜਾਰੀ), ਸਰਵਿਸ ਸ਼ਨਾਖਤੀ ਕਾਰਡ (ਫੋਟੋ ਨਾਲ) ਜੋ ਕੇਂਦਰ/ਸੂਬਾ ਸਰਕਾਰ/ਪੀ.ਐਸ.ਯੂ/ਜਨਤਕ ਲਿਮਟਡ ਕੰਪਨੀਆਂ ਦੁਆਰਾ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਹੋਣ, ਸਮਾਰਟ ਕਾਰਡ (ਆਰ.ਜੀ.ਆਈ ਦੁਆਰਾ ਐਨ.ਪੀ.ਆਰ ਦੇ ਤਹਿਤ ਜਾਰੀ), ਪੈਨਸ਼ਨ ਦਸਤਾਵੇਜ਼ (ਫੋਟੋ ਨਾਲ), ਐਮ.ਪੀ/ਐਮ.ਐਲ.ਏ ਨੂੰ ਜਾਰੀ ਅਧਿਕਾਰਤ ਪਹਿਚਾਣ ਪੱਤਰ, ਯੂਨੀਕ ਡਿਸਐਬਿਲਟੀ ਆਈ.ਡੀ.ਆਰਡ (ਯੂ.ਡੀ.ਆਈ.ਡੀ ਕਾਰਡ) ਜੋ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ, ਭਾਰਤ ਸਰਕਾਰ ਦੁਆਰਾ ਜਾਰੀ ਕੀਤੇ ਹੋਣ ਨੂੰ ਵੀ ਦਿਖਾ ਕੇ ਵੋਟ ਪਾਈ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਪੋਲਿੰਗ ਸਟੇਸ਼ਨਾਂ ‘ਤੇ ਸਖ਼ਤ ਨਿਗਰਾਨੀ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਆਜ਼ਾਦ ਅਤੇ ਨਿਰਪੱਖ ਚੋਣਾਂ ਮੁਕੰਮਲ ਕਰਵਾਉਣਾ ਪ੍ਰਸ਼ਾਸਨ ਦੀ ਮੁੱਖ ਤਰਜ਼ੀਹ ਹੈ। ਉਨ੍ਹਾਂ ਜ਼ਿਲ੍ਹੇ ਦੇ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਅਤੇ ਅਨੁਸ਼ਾਸਨ ਨਾਲ ਵੋਟਾਂ ਪਾਉਣ ਅਤੇ ਲੋਕਤੰਤਰ ਪ੍ਰਕਿਰਿਆ ਨੂੰ ਸਫਲ ਬਣਾਉਣ।