ਨਵਾਂ ਸ਼ਹਿਰ, 08 ਮਈ : ਵਿਸ਼ਵ ਰੈਡ ਕਰਾਸ ਦਿਵਸ ਮੌਕੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਇੱਕ ਸੰਖੇਪ ਸਮਾਗਮ ਕਰਕੇ, ਰੈਡ ਕਰਾਸ ਸੁਸਾਇਟੀ ਦੇ ਜਨਮਦਾਤਾ ਜੀਨ ਹੈਨਰੀ ਡੁਨਟ ਨੂੰ ਯਾਦ ਕੀਤਾ ਗਿਆ। ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੇ ਇਸ ਮੌਕੇ ਆਖਿਆ ਕਿ ਵਿਸ਼ਵ ਰੈਡ ਕਰਾਸ ਦਿਵਸ ਇਸ ਦੇ ਸੰਸਥਾਪਕ ਜੀਨ ਹੈਨਰੀ ਡੁਨਟ ਨੂੰ ਸਮਰਪਿਤ ਹੈ। ਪਹਿਲੇ ਨੋਬਲ ਸ਼ਾਂਤੀ ਪੁਰਸਕਾਰ ਵਿਜੇਤਾ ਜੀਨ ਹੈਨਰੀ ਡੁਨਟ ਨੇ ਅੰਤਰ ਰਾਸ਼ਟਰੀ ਰੈਡ ਕਰਾਸ ਕਮੇਟੀ ਦੀ ਸਥਾਪਨਾ ਕਰਕੇ ਮਾਨਵਤਾ ਦੀ ਸੇਵਾ ਨੂੰ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਵਾਰ ਵਿਸ਼ਵ ਰੈਡ ਕਰਾਸ ਦਿਵਸ ਦਾ ਥੀਮ ਹੈ, ‘ਜੋ ਵੀ ਕਰੋ, ਦਿਲ ਤੋਂ ਕਰੋ’। ਉਨ੍ਹਾਂ ਕਿਹਾ ਕਿ ਰੈਡ ਕਰਾਸ ਸੁਸਾਇਟੀ ਮਨੁੱਖਤਾ, ਨਿਰਪੱਖਤਾ, ਸੁਤੰਤਰਤਾ, ਸਵੈ-ਇੱਛਤ ਸੇਵਾ, ਏਕਤਾ ਅਤੇ ਸਰਵ ਵਿਆਪਕਤਾ ਜਿਹੇ ਸਦਗੁਣਾਂ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਦੇਸ਼ ’ਚ ਪਹਿਲੀ ਵਾਰ 1920 ’ਚ ਰੈਡ ਕਰਾਸ ਸੁਸਾਇਟੀ ਦੀ ਸਥਾਪਨਾ ਹੋਈ ਸੀ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਵੀ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਕਾਰਜਸ਼ੀਲ ਹੈ ਜੋ ਕਿ ਪੰਜਾਬ ਇਕਾਈ ਨਾਲ ਸਬੰਧਤ ਹੈ। ਉਨ੍ਹਾਂ ਨੇ ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀਆਂ ਸਿਖਿਆਰਥਣਾਂ ਪਾਸੋਂ ਰੈਡ ਕਰਾਸ ਸੁਸਾਇਟੀ ਨਾਲ ਸਬੰਧਤ ਸੁਆਲ ਵੀ ਪੁੱਛੇ ਅਤੇ ਉੁਨ੍ਹਾਂ ਨੂੰ ਜਾਣਕਾਰੀ ਵੀ ਦਿੱਤੀ। ਇਸ ਮੌਕੇ ਉਨ੍ਹਾਂ ਵੱਲੋਂ ਇਨ੍ਹਾਂ ਨੈਸ਼ਨਲ ਅਰਬਨ ਲਾਈਵਲੀਹੁੱਡ ਮਿਸ਼ਨ ਤਹਿਤ ਹੁਨਰ ਸਿਖਲਾਈ ਪ੍ਰਾਪਤ ਕਰ ਰਹੀਆਂ ਇਨ੍ਹਾਂ ਸਿਖਿਆਰਥਣਾਂ ਨੂੰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੀ ਤਰਫ਼ੋਂ ਸੈਨੇਟਰੀ ਕਿੱਟਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਜ਼ਿਲ੍ਹੇ ਦੇ ਏ ਡੀ ਸੀ (ਜ) ਰਾਜੀਵ ਵਰਮਾ, ਜ਼ਿਲ੍ਹਾ ਮਾਲ ਅਫ਼ਸਰ-ਕਮ-ਤਹਿਸੀਲਦਾਰ ਬਲਾਚੌਰ ਰਵਿੰਦਰ ਬਾਂਸਲ, ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਸੰਜੀਵ ਕੁਮਾਰ, ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਆਨਰੇਰੀ ਸਕੱਤਰ ਹਰਪਾਲ ਸਿੰਘ, ਮਾਡਲ ਕਰੀਅਰ ਸੈਂਟਰ ਨਵਾਂਸ਼ਹਿਰ ਦੇ ਯੰਗ ਪ੍ਰੋਫੈਸ਼ਨਲ ਵਿਜੇ ਸਹਿਵਾਗ, ਪਲੇਸਮੈਂਟ ਅਫ਼ਸਰ ਅਮਿਤ ਕੁਮਾਰ, ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਜ਼ਿਲ੍ਹਾ ਟੀਮ ਸ਼ੰਮੀ ਠਾਕੁਰ ਤੇ ਰਾਜ ਕੁਮਾਰ ਵੀ ਮੌਜੂਦ ਸਨ।