ਜਲੰਧਰ : ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸ਼ੁਰੂ ਕੀਤੀ ‘ਐਨ. ਆਰ. ਆਈ. ਪੰਜਾਬੀਆਂ ਨਾਲ ਮਿਲਣੀ’ ਪ੍ਰੋਗਰਾਮ ਮੌਕੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਐਨ. ਆਰ. ਆਈ. ਪੰਜਾਬੀਆਂ ਦੀ ਸਹੂਲਤ ਲਈ ਨਵੇਂ ਸਾਲ ਵਿੱਚ ਵਿਸ਼ੇਸ਼ ਪਾਲਿਸੀ ਲਿਆਂਦੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੇ ਮਾਮਲਿਆਂ ਦੇ ਹੱਲ ਤੋਂ ਇਲਾਵਾ ਪੰਜਾਬ ਦੇ ਚਹੁੰਮੁਖੀ ਵਿਕਾਸ ਵਿੱਚ ਉਨਾਂ ਨੂੰ ਸਰਗਰਮ ਭਾਈਵਾਲ ਬਣਾਇਆ ਜਾ ਸਕੇ। ਸਥਾਨਕ ਸੇਂਟ ਸੋਲਜ਼ਰ ਕੈਂਪਸ ਵਿਖੇ ਕਰਵਾਈ ਐਨ.ਆਰ.ਆਈ.ਪੰਜਾਬੀਆਂ ਨਾਲ ਮਿਲਣੀ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸੂਬਾ ਸਰਕਾਰ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਨੂੰ ਪੂਰੀ ਗੰਭੀਰਤਾ ਨਾਲ ਲੈ ਕੇ ਹੱਲ ਕਰਨ ਲਈ ਵਚਨਬੱਧ ਹੈ ਅਤੇ ਅੱਜ ਇਸ ਦਿਸ਼ਾ ਵਿੱਚ ਇਕ ਵੱਡਾ ਕਦਮ ਪੁੱਟਿਆ ਗਿਆ ਹੈ ਭਵਿੱਖ ਵਿੱਚ ਜਿਸ ਦੇ ਸਾਰਥਕ ਅਤੇ ਉਸਾਰੂ ਸਿੱਟੇ ਨਿਕਲਣਗੇ। ਪ੍ਰਵਾਸੀ ਪੰਜਾਬੀਆਂ ਵਲੋਂ ਇਸ ਉਪਰਾਲੇ ਪ੍ਰਤੀ ਦਿਖਾਏ ਉਤਸ਼ਾਹ ’ਤੇ ਖੁਸ਼ੀ ਜਾਹਿਰ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਐਨ.ਆਰ.ਆਈ. ਪੰਜਾਬੀਆਂ ਨਾਲ ਸਮੇਂ-ਸਮੇਂ ਸਿਰ ਸਲਾਹ-ਮਸ਼ਵਰਾ ਕਰਕੇ ਵਿਦੇਸ਼ਾਂ ਵਿੱਚ ਉਨ੍ਹਾਂ ਨੂੰ ਵੀਜ਼ਾ ਸਮੱਸਿਆਵਾਂ ਦੇ ਹੱਲ ਲਈ ਕੇਂਦਰ ਸਰਕਾਰ ਨਾਲ ਵਿਚਾਰਿਆ ਜਾਵੇਗਾ। ਐਨ.ਆਰ.ਆਈ.ਪੰਜਾਬੀਆਂ ਵਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਦੇ ਨਾਲ ਸੂਬੇ ਅੰਦਰ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਪ੍ਰਵਾਸੀ ਪੰਜਾਬੀਆਂ ਦੇ ਕੋਰਟ ਕੇਸਾਂ ਦੀ ਸੁਣਵਾਈ ਵਿੱਚ ਤੇਜੀ ਲਿਆਉਣ ’ਤੇ ਜ਼ੋਰ ਦਿੰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਜਲਦ ਹੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਐਨ.ਆਰ.ਆਈਜ਼ ਨੂੰ ਕਾਨੂੰਨੀ ਸਹਾਇਤਾ ਲਈ ਟੀਮਾਂ ਮੁਹੱਈਆ ਕਰਵਾਈਆਂ ਜਾਣ ਜੋ ਉਨ੍ਹਾਂ ਨੂੰ ਸਮੇਂ-ਸਮੇਂ ਸਿਰ ਲੋੜੀਂਦੀ ਜਾਣਕਾਰੀ ਅਤੇ ਦਿਸ਼ਾ ਬਾਰੇ ਦੱਸ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਐਨ.ਆਰ.ਆਈਜ਼ ਦੇ ਕੇਸਾਂ ਲਈ ਵਿਸ਼ੇਸ਼ ਫਾਸਟ ਟਰੈਕ ਕੋਰਟਾਂ ਸਥਾਪਿਤ ਕਰਨ ਲਈ ਪੂਰੀ ਚਾਰਾਜੋਈ ਕੀਤੀ ਜਾਵੇਗੀ ਤਾਂ ਜੋ ਪ੍ਰਵਾਸੀ ਪੰਜਾਬੀਆਂ ਦੇ ਮਾਮਲੇ ਘੱਟੋ-ਘੱਟ ਸਮੇਂ ਵਿੱਚ ਨਿਪਟਾਏ ਜਾ ਸਕਣ ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਪੈਸਾ ਬੱਚ ਸਕੇ। ਪੰਜਾਬ ਤੋਂ ਕੇਨੈਡਾ ਨੂੰ ਫਲਾਈਟਾਂ ਸ਼ੁਰੂ ਕਰਨ ਅਤੇ ਈ-ਵੀਜ਼ਾ ਦੀ ਸਹੂਲਤ ਵਿੱਚ ਪ੍ਰਵਾਸੀ ਪੰਜਾਬੀਆਂ ਨੂੰ ਪੇਸ਼ ਦਿੱਕਤਾਂ ਸਬੰਧੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਜਲਦ ਹੀ ਇਹ ਦੋਵੇਂ ਮਸਲੇ ਕੇਂਦਰ ਸਰਕਾਰ ਕੋਲ ਉਠਾਉਣਗੇ। ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੇ ਜ਼ਿਲ੍ਹਾ ਪੱਧਰ ’ਤੇ ਮਸਲਿਆਂ ਦੀ ਸੁਣਵਾਈ ਲਈ ਪੰਜਾਬ ਸਰਕਾਰ ਵਲੋਂ ਨੋਡਲ ਅਫ਼ਸਰ ਨਿਯੁਕਤ ਕੀਤੇ ਜਾ ਰਹੇ ਹਨ ਜਿਹੜੇ ਸਿਰਫ਼ ਐਨ.ਆਰ.ਆਈ ਪੰਜਾਬੀਆਂ ਦੀਆਂ ਸ਼ਿਕਾਇਤਾਂ ਆਦਿ ਦਾ ਸਮੇਂ ਸਿਰ ਢੁਕਵੇਂ ਢੰਗ ਨਾਲ ਨਿਪਟਾਰਾ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਐਨ.ਆਰ.ਆਈ.ਪੰਜਾਬੀਆਂ ਵਲੋਂ ਆਪੋ-ਆਪਣੇ ਇਲਾਕਿਆਂ ਵਿੱਚ ਕੀਤੇ ਜਾ ਰਹੇ ਵਿਕਾਸ ਅਤੇ ਸਮਾਜਿਕ ਕੰਮਾਂ ਵਿੱਚ ਪੂਰੀ ਸਰਗਰਮੀ ਨਾਲ ਬਣਦਾ ਸਹਿਯੋਗ ਕਰੇਗੀ ਅਤੇ ਇਨ੍ਹਾਂ ਕਾਰਜਾਂ ਲਈ ਲੋੜੀਂਦੀਆਂ ਮਨਜ਼ੂਰੀਆਂ ਨਾਲੋ-ਨਾਲ ਮਿਲਣਗੀਆਂ। ਸਿਵਲ ਅਤੇ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਐਨ.ਆਰ.ਆਈ.ਮਾਮਲੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜ਼ਿਲ੍ਹਾ ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਕਪੂਰਥਲਾ ਤੋਂ ਆਏ ਐਨ.ਆਰ.ਆਈਜ਼ ਦੀਆਂ ਸਮੱਸਿਆਵਾਂ ਦੀ ਮੌਕੇ ’ਤੇ ਸੁਣਵਾਈ ਕਰਦਿਆਂ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਨ੍ਹਾਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਕੈਬਨਿਟ ਮੰਤਰੀ ਨੇ ਹਰ ਇਕ ਐਨ.ਆਰ.ਆਈ ਦੇ ਮਾਮਲੇ ਦੀ ਨਿੱਜੀ ਤੌਰ ’ਤੇ ਸੁਣਵਾਈ ਕਰਨ ਉਪਰੰਤ ਸਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੂੰ ਲੋੜੀਂਦੀ ਕਾਰਵਾਈ ਦੇ ਨਿਰਦੇਸ਼ ਦਿੱਤੇ। ਐਨ.ਆਰ.ਆਈ.ਪੰਜਾਬੀਆਂ ਨਾਲ ਮਿਲਣੀ ਦੌਰਾਨ ਵੱਖ-ਵੱਖ ਜਿਲਿ੍ਹਆਂ ਤੋਂ ਆਏ ਪ੍ਰਵਾਸੀ ਪੰਜਾਬੀਆਂ ਦੀ ਸਹੂਲਤ ਲਈ ਜ਼ਿਲ੍ਹਾ ਵਾਰ ਕਾਊਂਟਰ ਸਥਾਪਿਤ ਕੀਤੇ ਗਏ ਸਨ ਜਿਥੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਉਨ੍ਹਾਂ ਦੇ ਮਸਲੇ ਸੁਣਕੇ ਹੱਲ ਦੀ ਪ੍ਰਕਿਰਿਆ ਨੂੰ ਅਮਲ ਵਿੱਚ ਲਿਆ ਰਹੇ ਸਨ। ਇਸ ਦੌਰਾਨ 160 ਤੋਂ ਵੱਧ ਮਾਮਲਿਆਂ ਦੀ ਸੁਣਵਾਈ ਕੀਤੀ ਗਈ। ਕੈਬਨਿਟ ਮੰਤਰੀ ਨੇ ਐਨ.ਆਰ.ਆਈਜ਼ ਨੂੰ ਤਾਕੀਦ ਕੀਤੀ ਕਿ ਉਹ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਮਿਲਣੀ ਪ੍ਰੋਗਰਾਮ ਵਿੱਚ ਵੱਧ ਚੜ੍ਹਕੇ ਹਿੱਸਾ ਲੈਣ। ਉਨ੍ਹਾਂ ਦੱਸਿਆ ਕਿ ਆਉਂਦੇ ਦਿਨਾਂ ਵਿੱਚ 19 ਦਸੰਬਰ ਨੁੂੰ ਐਸ.ਏ.ਐਸ.ਨਗਰ ਮੋਹਾਲੀ, 23 ਦਸੰਬਰ ਨੂੰ ਲੁਧਿਆਣਾ, 26 ਦਸੰਬਰ ਨੂੰ ਮੋਗਾ ਅਤੇ 30 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਮਿਲਣੀ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਜਿਨ੍ਹਾਂ ਲਈ ਐਨ.ਆਰ.ਆਈਜ਼ ਆਨਲਾਈਨ ਜਾਂ ਮੌਕੇ ’ਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ। ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ, ਹਲਕਾ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ, ਹਲਕਾ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ, ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ, ਟਾਂਡਾ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ, ਦਸੂਹਾ ਤੋਂ ਵਿਧਾਇਕ ਕਰਮਵੀਰ ਸਿੰਘ, ਆਪ ਆਗੂ ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਸੱਜਣ ਸਿੰਘ ਚੀਮਾ, ਪੰਜਾਬ ਐਗਰੋ ਦੇ ਚੇਅਰਮੈਨ ਮੰਗਲ ਸਿੰਘ, ਜ਼ਿਲ੍ਹਾ ਯੋਜਨਾ ਬੋਰਡ ਜਲੰਧਰ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ, ਜੀਤ ਲਾਲ ਭੱਟੀ, ਪ੍ਰਿੰਸੀਪਲ ਪ੍ਰੇਮ ਕੁਮਾਰ ਆਦਿ ਮੌਜੂਦ ਸਨ। ਇਸ ਮੌਕੇ ਵੱਖ-ਵੱਖ ਮੁਲਕਾਂ ਤੋਂ ਆਏ ਐਨ.ਆਰ.ਆਈਜ਼ ਤੋਂ ਇਲਾਵਾ ਐਨ. ਆਰ. ਆਈ. ਵਿਭਾਗ ਦੇ ਪ੍ਰਮੁੱਖ ਸਕੱਤਰ ਜੇ.ਬਾਲਾਮੁਰੂਗਨ, ਏ.ਡੀ.ਜੀ.ਪੀ. ਐਨ.ਆਰ.ਆਈ.ਵਿੰਗ ਪ੍ਰਵੀਨ ਕੁਮਾਰ ਸਿਨਹਾ, ਡਵੀਜ਼ਨਲ ਕਮਿਸ਼ਨਰ-ਕਮ-ਚੇਅਰਮੈਨ ਐਨ.ਆਰ.ਆਈ.ਸਭਾ ਗੁਰਪ੍ਰੀਤ ਕੌਰ ਸਪਰਾ, ਪੁਲਿਸ ਕਮਿਸ਼ਨਰ ਜਲੰਧਰ ਡਾ. ਐਸ. ਭੂਪਥੀ, ਡਿਪਟੀ ਕਮਿਸ਼ਨਰ ਜਲੰਧਰ ਜਸਪ੍ਰੀਤ ਸਿੰਘ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ, ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਅਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।