ਤਲਵਾੜਾ, 26 ਮਾਰਚ : ਸਹੌੜਾ-ਕੰਢੀ ਦੇ ਜੰਗਲਾਂ ‘ਚ ਮਿਲੀ ਅਣਪਛਾਤੀ ਔਰਤ ਦੇ ਕਤਲ ਕੇਸ ਨੂੰ ਹਾਜੀਪੁਰ ਪੁਲੀਸ ਨੇ 24 ਘੰਟਿਆਂ ਅੰਦਰ ਹੱਲ ਕਰਦਿਆਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਪੰਕਜ ਕੁਮਾਰ ਨੇ ਦਸਿਆ ਕਿ ਮ੍ਰਿਤਕਾ ਦੀ ਪਛਾਣ ਸੁਨੀਤਾ ਰਾਣੀ ਪਤਨੀ ਨਰਿੰਦਰ ਸਿੰਘ ਪਿੰਡ ਭਵਨਾਲ ਵਜੋਂ ਹੋਈ ਹੈ। ਮ੍ਰਿਤਕਾ ਦੇ ਪਤੀ ਨਰਿੰਦਰ ਸਿੰਘ (45) ਨੇ ਦਸਿਆ ਕਿ ਉਸਦੀ ਪਤਨੀ ਲੰਘੀ 23 ਤਾਰੀਕ ਨੂੰ ਆਪਣੇ ਪੰਜ ਮਹੀਨਿਆਂ ਦੇ ਲੜਕੇ ਨੂੰ ਲੈ ਕੇ ਆਪਣੇ ਮਾਪੇ ਘਰ ਪਿੰਡ ਡੰਡੋਹ ਥਾਣਾ ਹਰਿਆਣਾ ਗਈ ਸੀ, ਪਰ ਉਹ ਉੱਥੇ ਨਹੀਂ ਪਹੁੰਚੀ। ਉਸਨੇ ਆਪਣੀ ਪੱਧਰ ‘ਤੇ ਉਸਦੀ ਭਾਲ ਕੀਤੀ, ਪਰ ਕਿੱਧਰੇ ਨਹੀਂ ਮਿਲੀ। ਉਸਨੂੰ 24 ਤਾਰੀਕ ਨੂੰ ਪਤਾ ਚੱਲਿਆ ਕਿ ਸਹੋਡ਼ਾ ਕੰਢੀ ਦੇ ਜੰਗਲ ‘ਚ ਅਣਪਛਾਤੀ ਔਰਤ ਦੀ ਲਾਸ਼ ਮਿਲੀ ਹੈ। ਜਿਸ ਦੀ ਸ਼ਨਾਖ਼ਤ ਕਰਨ ’ਤੇ ਉਹ ਸੁਨੀਤਾ ਰਾਣੀ ਨਿਕਲੀ। ਨਰਿੰਦਰ ਸਿੰਘ ਨੇ ਦਸਿਆ ਉਸਦੇ ਪਿੰਡ ਦਾ ਹੀ ਨਰਿੰਦਰ ਭਾਟੀਆ ਉਰਫ਼ ਵਿੱਕੀ ਪੁੱਤਰ ਧਰਮ ਚੰਦ ਨੇ ਆਪਣੀ ਪਹਿਲੀ ਪਤਨੀ ਛੱਡ ਹੋਰ ਮਹਿਲਾ ਨਰਿੰਦਰ ਕੌਰ ਉਰਫ਼ ਜੱਸੀ ਨਾਲ ਸ਼ਾਦੀ ਕਰ ਲਈ ਸੀ, ਇਹ ਦੋਵੇਂ ਜਣੇ ਮੇਰੀ ਪਤਨੀ ਸੁਨੀਤਾ ਰਾਣੀ ’ਤੇ ਉਨ੍ਹਾਂ ਦੇ ਇੱਕ ਦੋਸਤ ਰਾਹੁਲ ਪੁੱਤਰ ਰਘੂਨਾਥ ਵਾਸੀ ਵਾਲਮਿਕ ਮੁਹੱਲਾ ਦਸੂਹਾ, ਜੋ ਕਿ ਗੁਲਸ਼ਨ ਨਾਮਕ ਮਹਿਲਾ ਨਾਲ ਪਤੀ ਪਤਨੀ ਬਣ ਕੇ ਪਿੰਡ ਐਮਾ ਮਾਂਗਟ ਥਾਣਾ ਮੁਕੇਰੀਆਂ ਵਿਖੇ ਰਹਿ ਰਿਹਾ ਹੈ, ਦੇ ਕੋਈ ਔਲਾਦ ਨਹੀਂ ਹੈ, ਨੂੰ ਆਪਣਾ ਪੰਜ ਮਹੀਨਿਆਂ ਦਾ ਬੱਚਾ ਦੇਣ ਲਈ ਦਬਾਅ ਪਾ ਰਹੇ ਸਨ।