ਸੁਲਤਾਨਪੁਰ ਲੋਧੀ, 6 ਜਨਵਰੀ : ਬਾਬੇ ਨਾਨਕ ਦੀ ਨਗਰੀ ਨੂੰ ਦੇਸ਼ ਦੇ ਖੂਬਸੂਰਤ ਸ਼ਹਿਰਾਂ ਵਿੱਚ ਸ਼ਾਮਿਲ ਕਰਵਾਉਣ ਦੀ ਮੁਹਿੰਮ ਦੀ ਸ਼ੁਰੂਆਤ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿੱਚ ਕੀਤੀ ਗਈ। ਇਹ ਮੁਹਿੰਮ ਵਾਰਡ ਨੰਬਰ ਤਿੰਨ ਤੋਂ ਕੀਤੀ ਗਈ। ਵਾਰਡ ਦੀਆਂ ਗਲੀਆਂ ਵਿੱਚੋਂ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਆਪ ਕੂੜਾ ਇੱਕਠਾ ਕੀਤਾ। ਉਨ੍ਹਾਂ ਨੇ ਇਸ ਵਾਰਡ ਵਿੱਚ ਆਉਂਦੀਆਂ ਦੁਕਾਨਾਂ ‘ਤੇ ਜਾ ਕੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਤੇ ਵਾਪਰਕ ਅਦਾਰਿਆਂ ਵਿੱਚ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਡਸਟਬਿਨਾਂ ਵਿੱਚ ਪਾਉਣ ਤਾਂ ਜੋ ਸ਼ਹਿਰ ਨੂੰ ਮੁਕੰਮਲ ਤੌਰ ‘ਤੇ ਪ੍ਰਦੂਸ਼ਣ ਮੁਕਤ ਕੀਤਾ ਜਾ ਸਕੇ। ਸੰਤ ਸੀਚੇਵਾਲ ਨੇ ਕਿਹਾ ਕਿ ਜਿਵੇਂ ਸੰਗਤਾਂ ਦੇ ਸਹਿਯੋਗ ਨਾਲ ਪਵਿੱਤਰ ਕਾਲੀ ਵੇਈਂ ਨੂੰ ਨਿਰਮਲ ਬਣਾਇਆ ਹੈ ਉਸੇ ਤਰ੍ਹਾਂ ਲੋਕਾਂ ਦੇ ਸਹਿਯੋਗ ਨਾਲ ਬਾਬੇ ਨਾਨਕ ਦੀ ਇਤਿਹਾਸਕ ਨਗਰੀ ਨੂੰ ਸਾਫ-ਸੁਥਰੀ ਤੇ ਸੁੰਦਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 14 ਸਾਲ 9 ਮਹੀਨੇ ਤੇ 13 ਦਿਨ ਦਾ ਸਮਾਂ ਬਤੀਤ ਕੀਤਾ ਸੀ। ਇੱਥੇ ਹੀ ਉਨ੍ਹਾਂ ਨੇ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ ਸੀ ਤੇ ਇਸ ਨਗਰੀ ਵਿੱਚ ਜਿੱਥੇ ਉਨ੍ਹਾਂ ਦਾ ਵਿਆਹ ਹੋਇਆ ਉਥੇ ਹੀ ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਉਦਾਸੀਆਂ ਵੀ ਸ਼ੁਰੂ ਕੀਤੀਆਂ ਸਨ। ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਇਸ ਸ਼ਹਿਰ ਨੂੰ ਇੰਦੌਰ ਤੋਂ ਵੀ ਖੂਬਸੂਰਤ ਬਣਾਉਣ ਦੇ ਦ੍ਰਿੜ ਇਰਾਦੇ ਨਾਲ ਕਿਹਾ ਕਿ ਕੇਂਦਰ ਸਰਕਾਰ ਨੇ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਬਣਾਉਣ ਦਾ ਐਲਾਨ ਕੀਤਾ ਹੋਇਆ ਹੈ। ਇਸ ਸਫਾਈ ਮੁਹਿੰਮ ਵਿੱਚ ਸ਼ਾਮਿਲ ਹੋਈ ਐਸ.ਡੀ.ਐਮ ਨੂੰ ਵੀ ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਸਕੀਮ ਤਹਿਤ ਆਉਣ ਵਾਲੀਆਂ ਸਾਰੀਆਂ ਗਰਾਂਟਾਂ 100 ਫੀਸਦੀ ਖਰਚ ਹੋਣ ਤੇ ਕਿਸੇ ਵੀ ਗਰਾਂਟ ਦਾ ਪੈਸਾ ਵਾਪਸ ਨਾ ਜਾਵੇ। ਸੰਤ ਸੀਚੇਵਾਲ ਨੇ ਦੱਸਿਆ ਸਾਲ 2023 ਨੂੰ ਗਿੱਲਾ ਤੇ ਸੁੱਕਾ ਕੂੜਾ ਵੱਖ ਕਰਨ ਦੇ ਸਾਲ ਵੱਜੋਂ ਮਨਾਇਆ ਜਾ ਰਿਹਾ ਹੈ। ਸੁਲਤਾਨਪੁਰ ਲੋਧੀ ਦੇ ਵਾਰਡ ਨੰਬਰ ਤਿੰਨ ਤੋਂ ਸ਼ੁਰੂ ਕੀਤੀ ਇਸ ਮੁਹਿੰਮ ਦੌਰਾਨ ਆਪ ਦੇ ਹਲਕਾ ਇੰਚਾਰਜ ਸਜੱਣ ਸਿੰਘ ਚੀਮਾ, ਐਸ.ਡੀ.ਐਮ ਚੰਦਰਾਜੋਯਤੀ ਸਿੰਘ, ਈ.ਓ ਧਰਮਪਾਲ ਸਿੰਘ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਖੁਦ ਕੂੜਾ ਚੁੱਕਿਆ। ਸੰਤ ਸੀਚੇਵਾਲ ਨੇ ਕਿਹਾ ਕਿ ਇਸ ਵੇਲੇ ਪਿੰਡਾਂ ਤੇ ਸ਼ਹਿਰਾਂ ਵਿੱਚ ਗਿੱਲਾ ਤੇ ਸੁੱਕਾ ਕੂੜਾ ਇਕ ਵੱਡੀ ਸਮੱਸਿਆ ਬਣਿਆ ਹੈ। ਉਹਨਾਂ ਕਿਹਾ ਕਿ ਇਸ ਲਈ ਬੇਸ਼ੱਕ ਬਹੁਤ ਵੱਡੇ ਵੱਡੇ ਪ੍ਰੋਜੈਕਟ ਸਰਕਾਰਾਂ ਵੱਲੋਂ ਲਗਾਏ ਜਾ ਰਹੇ ਹਨ, ਪਰ ਉਦੋਂ ਤੱਕ ਕਾਮਜਾਬ ਨਹੀ ਹੋਣਗੇ ਜਦੋਂ ਇਸਦੀ ਸ਼ੁਰੂਆਤ ਘਰਾਂ ਤੋਂ ਨਹੀ ਹੋਵੇਗੀ। ਉਹਨਾਂ ਕਿਹਾ ਕਿ ਜੇਕਰ ਸੰਗਤਾਂ ਦੇ ਸਹਿਯੋਗ ਨਾਲ ਸਾਫ ਕੀਤੀ ਗਈ ਪਵਿੱਤਰ ਵੇਈਂ ਦੀ ਚਰਚਾ ਪੁਰੀ ਦੁਨੀਆ ਵਿਚ ਹੋ ਸਕਦੀ ਹੈ ਤਾਂ ਸੁਲਤਾਨਪੁਰ ਲੋਧੀ ਦੀ ਚਰਚਾ ਵੀ ਮਾਡਲ ਸ਼ਹਿਰ ਵਜੋਂ ਹੋ ਸਕਦੀ ਹੈ, ਸਿਰਫ ਸਮੂਹਿਕ ਹੰਭਲਾ ਮਾਰਨ ਦੀ ਲੋੜ ਹੈ। ਇਸ ਮੌਕੇ ਸੁਲਤਾਨਪੁਰ ਲੋਧੀ ਤੋਂ ਆਪ ਦੇ ਆਗੂ ਸਜੱਣ ਸਿੰਘ ਚੀਮਾ ਨੇ ਕਿਹਾ ਕਿ ਇਹ ਆਪਣੇ ਆਪ ਵਿਚ ਹੀ ਬਹੁਤ ਵੱਡੀ ਪ੍ਰੇਰਨਾ ਵਾਲੀ ਮੁਹਿੰਮ ਬਣ ਗਈ ਹੈ ਕਿ ਜਦੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਖੁਦ ਇੱਕ ਧਾਰਮਿਕ ਸਖਸ਼ੀਅਤ ਤੇ ਰਾਜ ਸਭਾ ਮੈਂਬਰ ਲੋਕਾਂ ਦੇ ਘਰ ਘਰ ਜਾ ਕੇ ਉਨ੍ਹਾਂ ਜਾਗਰੂਕ ਕਰ ਰਹੇ ਹਨ। ਇਸ ਮੌਕੇ ਮਾਸਟਰ ਕੇਡਰ ਯੂਨੀਅਨ ਪ੍ਰਧਾਨ ਨਰੇਸ਼ ਕੋਹਲੀ, ਜੀ.ਟੀ.ਯੂ ਦੇ ਜਿਲ੍ਹਾਂ ਪ੍ਰਧਾਨ ਸੁਖਚੈਨ ਸਿੰਘ ਵੱਧਵਾ, ਮਾਸਟਰ ਅਨਿਲ ਭਾਟੀਆਂ, ਗੱਤਕਾ ਕੋਚ ਗੁਰਵਿੰਦਰ ਕੌਰ, ਮਾਸਟਰ ਮਨੋਜ ਕੁਮਾਰ, ਸਿਟੀਜ਼ਨ ਵੈਲਫੇਅਰ ਫੋਰਮ ਦੇ ਚੇਅਰਮੈਨ ਚੰਦਰ ਮੋਹਨ ਸ਼ਰਮਾ, ਰਾਜੀਵ ਧੀਰ, ਗੁਰਦੀਪ ਸਿੰਘ, ਸੁਖਜੀਤ ਸਿੰਘ, ਜਸਵੰਤ ਸਿੰਘ, ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੇ ਖਿਡਾਰੀ ਆਦਿ ਮੌਜੂਦ ਰਹੇ।