ਗੁਰਦਾਸਪੁਰ, 30 ਅਪ੍ਰੈਲ : ਦਿੱਲੀ ਜੰਤਰ ਮੰਤਰ ਵਿਖੇ ਓਲੰਪੀਅਨ ਪਹਿਲਵਾਨਾਂ ਵਿਨੇਸ਼ ਫੋਗਾਟ, ਬਜਰੰਗ ਪੂਨੀਆ ਤੇ ਸਾਕਸ਼ੀ ਮਲਿਕ ਦੀ ਅਗਵਾਈ ਹੇਠ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਏ ਪਹਿਲਵਾਨਾਂ ਵੱਲੋਂ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਬ੍ਰਿਜ ਭੂਸ਼ਣ ਸਿੰਘ ਖ਼ਿਲਾਫ਼ ਪੋਕਸੋ ਤਹਿਤ ਪਰਚਾ ਦਰਜ਼ ਕਰਕੇ ਗਿਰਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਚਲ ਰਹੇ ਸੰਘਰਸ਼ ਦੀ ਹਮਾਇਤ ਕਰਨ ਲਈ ਗੁਰਦਾਸਪੁਰ ਜ਼ਿਲ੍ਹੇ ਦੇ ਖੇਡ ਖੇਤਰ ਨਾਲ ਜੁੜੇ ਖੇਡ ਪ੍ਰੇਮੀਆਂ ਅਤੇ ਇਨਸਾਫ਼ ਪਸੰਦ ਜਥੇਬੰਦੀਆਂ ਪਹਿਲੀ ਮਈ ਨੂੰ 4 ਵਜੇ ਸੁੱਕਾ ਤਲਾਅ ਗੁਰਦਾਸਪੁਰ ਹੋ ਰਹੇ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਸ ਸਬੰਧੀ ਵੱਖ ਵੱਖ ਖੇਡ ਸੈਂਟਰ ਦੇ ਖਿਡਾਰੀ ਆਪਣੀ ਪਰੈਕਟਿਸ ਛੱਡ ਕੇ ਸੰਘਰਸ਼ ਦੇ ਮੈਦਾਨ ਵਿੱਚ ਕੁੱਦਣਗੇ। ਪ੍ਰੋਫੈਸਰ ਮੁਖਵਿੰਦਰ ਸਿੰਘ ਰੰਧਾਵਾ, ਅਮਰਜੀਤ ਸ਼ਾਸਤਰੀ , ਮੈਡਮ ਬਲਵਿੰਦਰ ਕੌਰ ਦੀ ਅਗਵਾਈ ਹੇਠ ਗੁਰਦਾਸਪੁਰ ਸ਼ਹਿਰ ਦੇ ਵੱਖ ਵੱਖ ਖੇਡ ਸੈਂਟਰਾਂ ਦਾ ਦੌਰਾ ਕੀਤਾ ਗਿਆ। ਜਿਸ ਵਿਚ ਖਿਡਾਰੀਆਂ ਨੂੰ ਦਿੱਲੀ ਵਿਖੇ ਮਹਿਲਾ ਪਹਿਲਵਾਨਾਂ ਦੇ ਹੱਕ ਵਿੱਚ ਚੱਲ ਰਹੇ ਧਰਨੇ ਵਾਲੇ ਜਾਗਰੂਕ ਕਰਵਾਇਆ ਗਿਆ। ਅਤੇ ਦੱਸਿਆ ਗਿਆ ਕਿ ਖਿਡਾਰਣਾਂ ਦਾ ਸ਼ੋਸਣ ਕਰਨ ਵਾਲੇ ਐਮ ਪੀ ਬਿਰਜ ਭੂਸ਼ਣ ਸਿੰਘ ਦਾ ਪਹਿਲੀ ਮਈ ਨੂੰ ਪੁਤਲਾ ਫੂਕਿਆ ਜਾਵੇਗਾ। ਇਫਟੂ ਦੇ ਸੂਬਾਈ ਆਗੂ ਕਾਮਰੇਡ ਜੋਗਿੰਦਰ ਪਾਲ ਜੋਗਿੰਦਰ ਪਾਲ ਘੁਰਾਲਾ, ਸੁਖਦੇਵ ਰਾਜ ਬਹਿਰਾਮਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਤਕੀਂ ਦੇ ਮਜ਼ਦੂਰ ਦਿਵਸ ਮੌਕੇ ਪਹਿਲਵਾਨ ਔਰਤਾਂ ਦੇ ਹੱਕ ਵਿੱਚ ਸੰਘਰਸ਼ ਲਈ ਮਜ਼ਦੂਰਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ। ਵੱਖ ਵੱਖ ਖੇਡ ਸੈਂਟਰਾਂ ਦਾ ਦੌਰਾ ਕਰਨ ਤੋਂ ਬਾਅਦ ਇਕਠੇ ਹੋਏ ਖੇਡਾਂ ਨਾਲ ਸਬੰਧਤ ਕੋਚਾਂ, ਖੇਡ ਪ੍ਰੇਮੀਆਂ, ਪਰਮਿੰਦਰ ਸਿੰਘ ਕੋਠੇ ਘੁਰਾਲਾ ਸੇਵਾ ਮੁਕਤ ਲੈਕਚਰਾਰ, ਬਾਸਕਟਬਾਲ ਕੋਚ ਹਰਦੀਪ ਰਾਜ, ਪ੍ਰੋਫੈਸਰ ਸਿਮਰਤ ਪਾਲ ਕਾਦੀਆਂ, ਰਜਿੰਦਰ ਕੁਮਾਰ, ਲੈਕਚਰਾਰ, ਜੁਗਰਾਜ ਸਿੰਘ ਕੁਸ਼ਤੀ ਕੋਚ ਰਵੀ ਕੁਮਾਰ ਜੂਡੋ ਕੋਚ ਮਨਜੀਤ ਸਿੰਘ ਜਰਨਲ ਸਕੱਤਰ ਖੋ ਖੋ ਐਸੋਸੀਏਸ਼ਨ, ਪੰਕਜ਼ ਭਨੋਟ ਬਾਸਕਟਬਾਲ ਕੋਚ ਰਜਿੰਦਰ ਕੁਮਾਰ ਲੈਕਚਰਾਰ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਅਮਰ ਕ੍ਰਾਂਤੀ ਨੇ ਖਿਡਾਰੀਆਂ ਦੇ ਸੰਘਰਸ਼ ਨੂੰ ਜਿੱਤ ਤੱਕ ਲੈ ਕੇ ਜਾਣ ਦਾ ਅਹਿਦ ਲਿਆ।