ਜਲੰਧਰ : ਜਲੰਧਰ ਦੇ ਲਤੀਫਪੁਰਾ ’ਚ ਲੋਕਾਂ ਦੇ ਘਰ ਢਾਹ ਕੇ ਬੇਘਰ ਕੀਤੇ ਗਏ ਲੋਕਾਂ ਦਾ ਹਾਲ ਜਾਣਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਤੀਫਪੁਰਾ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਨੇ ਦੇਸ਼ ਦੀ ਵੰਡ ਤੋਂ ਬਾਅਦ ਇੱਥੇ ਵੱਸਣ ਵਾਲੇ ਲੋਕਾਂ ਦੇ ਘਰ ਢਾਹ ਕੇ ਕਹਿਰ ਢਾਹਿਆ ਹੈ। ਸਰਕਾਰ ਚਾਹੇ ਤਾਂ ਕੀ ਨਹੀਂ ਕਰ ਸਕਦੀ। ਅਦਾਲਤ ਦਾ ਹੁਕਮ ਹੁਣੇ ਹੀ ਨਹੀਂ ਆਇਆ ਹੈ। ਇਹ ਤਾਂ ਕਈ ਸਾਲ ਪਹਿਲਾਂ ਆਇਆ ਸੀ ਪਰ ਪਿਛਲੀਆਂ ਸਰਕਾਰਾਂ ਨੇ ਵੀ ਲਤੀਫਪੁਰਾ ਦੇ ਲੋਕਾਂ ਨੂੰ ਤੰਗ ਨਹੀਂ ਕੀਤਾ। ਮੌਜੂਦਾ ਸਰਕਾਰ ਨੇ 70 ਸਾਲਾਂ ਤੋਂ ਇੱਥੇ ਰਹਿ ਰਹੇ ਲੋਕਾਂ ਦਾ ਫਿਰ ਤੋਂ ਉਜਾੜਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਨੂੰ ਇੱਥੇ ਵਸਾਉਣ ਲਈ ਵਿਧਾਨ ਸਭਾ ਵਿੱਚ ਬਿੱਲ ਲਿਆਵੇ ਅਸੀਂ ਪੂਰਾ ਸਹਿਯੋਗ ਦੇਵਾਂਗੇ। ਲਤੀਫਪੁਰਾ ਵਿੱਚ ਮਕਾਨ ਢਾਹੇ ਜਾਣ ਤੋਂ ਬਾਅਦ ਪੱਕੇ ਮੋਰਚੇ ਨਾਲ ਬੈਠੇ ਲੋਕਾਂ ਵਿੱਚ ਬੈਠੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਲਤੀਫਪੁਰਾ ਵਿੱਚ ਮੁੜ ਮਕਾਨ ਬਣਾਉਣ ਲਈ ਹਰ ਤਰ੍ਹਾਂ ਦੀ ਲੜਾਈ ਲੜਨੀ ਪਵੇਗੀ। ਇਸ ਵਿੱਚ ਉਹ ਲੋਕਾਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਕਾਨੂੰਨੀ ਲੜਾਈ ਵੀ ਤਕਨੀਕੀ ਢੰਗ ਨਾਲ ਲੜੀ ਜਾਣੀ ਚਾਹੀਦੀ ਹੈ ਅਤੇ ਇਸ ਲਈ ਕਮੇਟੀ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ।