ਆਪਣੀ ਫ਼ਸਲ ਦਾ ਲਗਾਤਾਰ ਨਿਰੀਖਣ ਕਰਨ ਕਿਸਾਨ : ਮੁੱਖ ਖੇਤੀਬਾੜੀ ਅਫਸਰ

  • ਵੱਖ-ਵੱਖ ਪਿੰਡਾਂ ਵਿਚ ਤਣੇ ਦੀ ਗੁਲਾਬੀ ਸੁੰਡੀ ਦੇ ਹਮਲੇ ਸਬੰਧੀ ਕਣਕ ਦੀ ਫ਼ਸਲ ਦਾ ਕੀਤਾ ਨਿਰੀਖਣ 

ਨਵਾਂਸ਼ਹਿਰ, 25 ਨਵੰਬਰ 2024 : ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁਡੀਆਂ, ਡਿਪਟੀ ਕਮਿਸ਼ਨਰ  ਸ਼ਹੀਦ ਭਗਤ ਸਿੰਘ ਨਗਰ ਰਾਜੇਸ਼ ਧੀਮਾਨ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਸਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਡਾ. ਰਜਿੰਦਰ ਕੁਮਾਰ ਕੰਬੋਜ, ਖੇਤੀਬਾੜੀ ਅਫਸਰ ਸੁਰਿੰਦਰ ਕੁਮਾਰ ਅਤੇ ਖੇਤੀਬਾੜੀ ਵਿਕਾਸ ਅਫਸਰ ਡਾ. ਵਿਜੈ ਮਹੇਸ਼ੀ ਵੱਲੋਂ ਜਿਲ਼੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਤਣੇ ਦੀ ਗੁਲਾਬੀ ਸੁੰਡੀ ਦੇ ਹਮਲੇ ਸਬੰਧੀ ਕਣਕ ਦੀ ਫ਼ਸਲ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਗੁਲਾਬੀ ਸੁੰਡੀ ਦਾ ਹਮਲਾ ਅਗੇਤੀ ਬਿਜਾਈ ਕੀਤੀ ਗਈ ਫ਼ਸਲ ਵਿਚ ਵੱਧ ਵੇਖਣ ਨੂੰ ਮਿਲਦਾ ਹੈ। ਇਹ ਸੁੰਡੀ ਕਣਕ ਦੇ ਛੋਟੇ ਬੂਟਿਆਂ ਦੇ ਤਣਿਆਂ ਵਿਚ ਮੇਰੀਆਂ ਕਰਕੇ ਅੰਦਰ ਚਲੀਆ ਜਾਂਦੀਆ ਹਨ ਅਤੇ ਅੰਦਰਲਾ ਮਾਦਾ ਖਾਂਦੀਆਂ ਹਨ, ਜਿਸ ਨਾਲ ਬੂਟੇ ਪੀਲੇ ਪੈ ਕੇ ਸੁੱਕ ਜਾਂਦੇ ਹਨ ਅਤੇ ਬੂਟੇ ਅਖੀਰ ਵਿਚ ਮਰ ਜਾਂਦੇ ਹਨ। ਉਨ੍ਹਾਂ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫ਼ਸਲ ਦਾ ਲਗਾਤਾਰ ਨਿਰੀਖਣ ਕਰਨ। ਜੇਕਰ ਕਿਤੇ ਕਣਕ ਦੀ ਫ਼ਸਲ ਉੱਤੇ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਨੂੰ ਮਿਲਦਾ ਹੈ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸ਼ਿਫਾਰਿਸ਼ ਕੀਟਨਾਸ਼ਕ ਦਾ ਇਸਤੇਮਾਲ ਕਰਨ ਜਿਵੇ ਕਿ 50 ਮਿਲੀ ਕੋਰਾਜਨ 18.5 ਫੀਸਦੀ ਐਸ ਸੀ (ਕਲੇਰਐਰਾਨਿਲੀਪਰੋਲ) ਜਾਂ 400 ਮਿਲੀ ਏਕਾਲੈਕਸ 25 ਫੀਸਦੀ ਈ ਸੀ (ਕਿਉਨਲਫਾਸ) ਨੂੰ 80-100 ਲੀਟਰ ਪਾਣੀ ਵਿਚ ਮਿਕਸ ਕਰਕੇ ਨੈਪਸੈਕ ਪੰਪ ਨਾਲ ਛਿੜਕਾਅ ਕਰੋ ਜਾਂ 1 ਲੀਟਰ ਕਲੋਰੋਪਈਰੀਫਾਸ 20 ਫੀਸਦੀ ਈ ਸੀ ਦਵਾਈ ਨੂੰ 20 ਕਿਲੋ ਸਲਾਬੀ ਮਿੱਟੀ ਨਾਲ ਰਲਾ ਕੇ ਪ੍ਰਤੀ ਏਕੜ ਦੇ ਹਿਸਾਨ ਨਾਲ ਪਹਿਲੇ ਪਾਣੀ ਲਗਾਉਣ ਤੋਂ ਪਹਿਲਾਂ ਛੱਟਾ ਦੇਵੇ ਅਤੇ ਵਧੇਰੀ ਜਾਣਕਾਰੀ ਲਈ ਕਿਸਾਨ ਆਪਣੇ ਬਲਾਕ ਦੇ ਖੇਤੀਬਾੜੀ ਦਫ਼ਤਰ ਨਾਲ ਤਾਲਮੇਲ ਕੀਤਾ ਜਾਵੇ।