ਜਲੰਧਰ, 14 ਮਾਰਚ : ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਪ੍ਰਸਿੱਧ ਸਮਾਜ ਸੇਵੀ ਅਤੇ ਸਾਬਕਾ ਸਿਹਤ ਅਧਿਕਾਰੀ ਡਾ. ਲਖਬੀਰ ਸਿੰਘ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਪਾਰਟੀ ਵਿਚ ਸ਼ਾਮਲ ਹੋ ਗਏ। ਡਾ. ਲਖਬੀਰ ਸਿੰਘ 29 ਸਾਲਾਂ ਤੱਕ ਵਿਭਾਗ ਵਿਚ ਸੇਵਾਵਾਂ ਦੇਣ ਮਗਰੋਂ ਜ਼ਿਲ੍ਹਾ ਸਿਹਤ ਅਫਸਰ ਵਜੋਂ ਸੇਵਾ ਮੁਕਤ ਹੋਏ ਹਨ। ਉਹਨਾਂ ਦਾ ਪਾਰਟੀ ਵਿਚ ਸ਼ਾਮਲ ਹੋਣ ’ਤੇ ਸਵਾਗਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੂੰ ਡਾ. ਲਖਬੀਰ ਸਿੰਘ ਵੱਲੋਂ ਸਮਾਜ ਲਈ ਪਾਏ ਯੋਗਦਾਨ ਖਾਸ ਤੌਰ ’ਤੇ ਖੁਰਾਕ ਸੁਰੱਖਿਆ, ਖੂਨਦਾਨ, ਨਸ਼ਾ ਵਿਰੋਧੀ ਮੁਹਿੰਮ ਤੇ ਕੋਰੋਨਾ ਵਾਰੀਅਰ ਵਜੋਂ ਵੱਖ-ਵੱਖ ਪੱਧਰਾਂ ’ਤੇ ਪਾਏ ਯੋਗਦਾਨ ਬਾਰੇ ਜਾਣ ਕੇ ਬਹੁਤ ਖੁਸ਼ੀ ਹੋਈ ਹੈ। ਸਰਦਾਰ ਬਾਦਲ ਨੇ ਡਾ. ਲਖਬੀਰ ਸਿੰਘ ਨੂੰ ਭਰੋਸਾ ਦੁਆਇਆ ਕਿ ਉਹਨਾਂ ਤੇ ਉਹਨਾਂ ਦੇ ਸਮਰਥਕਾਂ ਨੂੰ ਪਾਰਟੀ ਵਿਚ ਪੂਰਾ ਮਾਣ ਤੇ ਸਤਿਕਾਰ ਮਿਲੇਗਾ ਅਤੇ ਉਹਨਾਂ ਭਰੋਸਾ ਪ੍ਰਗਟ ਕੀਤਾ ਕਿ ਉਹ ਅਕਾਲੀ ਦਲ ਲਈ ਗਹਿਣਾ ਸਾਬਤ ਹੋਣਗੇ। ਇਸ ਮੌਕੇ ਡਾ. ਲਖਬੀਰ ਸਿੰਘ ਨੇ ਕਿਹਾ ਕਿ ਉਹ ਅਕਾਲੀ ਦਲ ਦੀ ਲੋਕ ਪੱਖੀ ਤੇ ਪੰਜਾਬ ਪੱਖੀ ਸੋਚ ਤੋਂ ਪ੍ਰਭਾਵਤ ਹੋ ਕੇ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਉਹਨਾਂ ਕਿਹਾ ਕਿ ਪਿਛਲੀਆਂ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਪੰਜਾਬ ਵਿਚ ਤੇਜ਼ ਰਫਤਾਰ ਵਿਕਾਸ ਹੋਇਆ ਤੇ ਖੁਸ਼ਹਾਲੀ ਆਈ ਤੇ ਉਹਨਾਂ ਆਸ ਪ੍ਰਗਟ ਕੀਤੀ ਕਿ ਸੱਤ ਪਹਿਲਾਂ ਰੁਕਿਆ ਹੋਇਆ ਸਫਰ ਜਲਦੀ ਹੀ ਲੋਕਾਂ ਦੇ ਫਤਵੇ ਨਾਲ ਮੁੜ ਸ਼ੁਰੂ ਹੋਵੇਗਾ। ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਭਰੋਸਾ ਦੁਆਇਆ ਕਿ ਉਹ ਤੇ ਉਹਨਾਂ ਦੇ ਸਮਰਥਕ ਅਕਾਲੀ ਦਲ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਨੂੰ ਘਰ-ਘਰ ਲੈ ਕੇ ਜਾਣਗੇ।