- ਡਿਪਟੀ ਕਮਿਸ਼ਨਰ ਵੱਲੋੰ ਸਿਹਤ ਸੰਭਾਲ ਪੇਸ਼ੇਵਰਾਂ ਵਿਰੁੱਧ ਹਿੰਸਾ ਦੀ ਰੋਕਥਾਮ ਸਬੰਧੀ ਜ਼ਿਲ੍ਹਾ ਹੈਲਥ ਬੋਰਡ ਦੀ ਮੀਟਿੰਗ ਆਯੋਜਿਤ
- ਕੋਲਕਾਤਾ ਘਟਨਾ ਤੋਂ ਬਾਅਦ ਸਿਹਤ ਸੰਭਾਲ ਪੇਸ਼ੇਵਰਾਂ ਦੀ ਸੁਰੱਖਿਆ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਚੌਕਸ
ਨਵਾਂਸ਼ਹਿਰ, 10 ਸਤੰਬਰ 2024 : ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਸ. ਨਵਜੋਤ ਪਾਲ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਵਿਖੇ ਸਿਹਤ ਸੰਭਾਲ ਪੇਸ਼ੇਵਰਾਂ ਵਿਰੁੱਧ ਹਿੰਸਾ ਦੀ ਰੋਕਥਾਮ ਸਬੰਧੀ ਜ਼ਿਲ੍ਹਾ ਹੈਲਥ ਬੋਰਡ ਦੀ ਅੱਜ ਮੀਟਿੰਗ ਕੀਤੀ ਗਈ, ਜਿਸ ਵਿੱਚ ਮਾਣਯੋਗ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਜੀ, ਮਾਣਯੋਗ ਐੱਸ.ਐੱਸ.ਪੀ. ਸ. ਮਹਿਤਾਬ ਸਿੰਘ ਜੀ, ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸਤਵਿੰਦਰਪਾਲ ਸਿੰਘ, ਇੰਡੀਆ ਮੈਡੀਕਲ ਐਸੋਸੀਏਸ਼ਨ, ਨਵਾਂਸ਼ਹਿਰ ਦੇ ਵਿੱਤ ਸਕੱਤਰ, ਪੈਰਾਮੈਡੀਕਲ ਸਟਾਫ ਦੇ ਪ੍ਰਤੀਨਿਧੀ ਨਰਸਿੰਗ ਸਿਸਟਰ ਸਤਵਿੰਦਰ ਕੌਰ ਹਾਜ਼ਰ ਹੋਏ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਨਵਜੋਤ ਪਾਲ ਸਿੰਘ ਰੰਧਾਵਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਸ਼ਹੀਦ ਭਗਤ ਸਿੰਘ ਨਗਰ ਕੋਲਕਾਤਾ ਘਟਨਾ ਤੋਂ ਬਾਅਦ ਸਿਹਤ ਸੰਭਾਲ ਪੇਸ਼ੇਵਰਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਚੌਕਸ ਹੈ। ਸ. ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹਾ ਹੈਲਥ ਬੋਰਡ ਦੇ ਮੈਂਬਰਾਂ ਨਾਲ ਜ਼ਿਲ੍ਹੇ ਦੇ ਹਸਪਤਾਲਾਂ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਮੁੱਦੇ 'ਤੇ ਵਿਚਾਰ-ਚਰਚਾ ਕੀਤੀ। ਇਸ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ. ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹਾ ਹੈਲਥ ਬੋਰਡ ਦੇ ਮੈਂਬਰਾਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਸਿਹਤ ਸੰਭਾਲ ਪੇਸ਼ੇਵਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਢੁੱਕਵੇ ਕਦਮ ਉਠਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਦੇ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸੰਭਾਲ ਪੇਸ਼ੇਵਰਾਂ ਦੀ ਸੁਰੱਖਿਆ ਹੋਰ ਵਧਾਈ ਜਾਵੇ। ਰਾਤ ਸਮੇਂ ਡਿਊਟੀ 'ਤੇ ਸਿਹਤ ਸੰਭਾਲ ਪੇਸ਼ੇਵਰਾਂ ਦੇ ਨਾਲ ਸੁਰੱਖਿਆ ਕਰਮਚਾਰੀ ਜਾਂ ਹੋਰ ਸਪੋਰਟਿਵ ਸਟਾਫ ਤਾਇਨਾਤ ਕੀਤਾ ਜਾਵੇ। ਹਸਪਤਾਲਾਂ ਵਿੱਚ ਸਿਹਤ ਸੰਭਾਲ ਪੇਸ਼ੇਵਰਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਾਵਧਾਨੀ ਦੇ ਤੌਰ ’ਤੇ ਹਨ੍ਹੇਰੇ ਵਾਲੀਆਂ ਥਾਵਾਂ ਨੂੰ ਐੱਲ.ਈ.ਡੀ. ਲਾਈਟਾਂ ਨਾਲ ਰੌਸ਼ਨ ਕੀਤਾ ਜਾਵੇ। ਹਸਪਤਾਲਾਂ ਦੀ ਚਾਰਦੀਵਾਰੀ ਵਿੱਚ ਹਰ ਸਮੇਂ ਸੀ.ਸੀ.ਟੀ.ਵੀ. ਕੈਮਰਿਆਂ ਦੁਆਰਾ ਹਰ ਸਮੇਂ ਦੀ ਨਿਗਰਾਨੀ ਕੀਤੀ ਜਾਵੇ, ਤਾਂ ਜੋ ਹਸਪਤਾਲਾਂ ਵਿੱਚ ਆਉਣ ਵਾਲਾ ਹਰ ਵਿਅਕਤੀ ਸੀ.ਸੀ.ਟੀ.ਵੀ. ਦੀ ਨਿਗਰਾਨੀ ਵਿੱਚ ਰਹੇ। ਉਨ੍ਹਾਂ ਕਿਹਾ ਕਿ ਕੰਮਕਾਜ ਵਾਲੇ ਸਥਾਨਾਂ 'ਤੇ ਔਰਤਾਂ ਵਿਰੁੱਧ ਜਿਸਮਾਨੀ ਹਿੰਸਾ ਨਾਲ ਨਿਪਟਣ ਲਈ ਕਮੇਟੀਆਂ ਦੀ ਕਾਰਜਸ਼ੀਲਤਾ ਨੂੰ ਦੇਖਿਆ ਜਾਏ। ਜ਼ਿਲ੍ਹਾ ਹਸਪਤਾਲ, ਸਬ ਡਿਵੀਜਨ ਹਸਪਤਾਲ, ਸੀ.ਐੱਚ.ਸੀ. ਅਤੇ 24X7 ਪੀ.ਐੱਚ.ਸੀ. ਪੱਧਰ ਦੀਆਂ ਸਿਹਤ ਸੰਸਥਾਵਾਂ ਵਿਚ ਹਸਪਤਾਲ ਸੁਰੱਖਿਆ ਕਮੇਟੀ ਅਤੇ ਹਿੰਸਾ ਰੋਕਥਾਮ ਕਮੇਟੀ ਕਾਇਮ ਕੀਤੀ ਜਾਵੇ। ਇਹ ਵੀ ਦੇਖਣ ਦੀ ਹਦਾਇਤ ਕੀਤੀ ਗਈ ਕਿ ਹਸਪਤਾਲਾਂ ਵਿਚ ਮਹਿਲਾਵਾਂ ਦੀ ਸੁਰੱਖਿਆ ਲਈ ਮਹਿਲਾ ਹੈਲਪਲਾਈਨ ਨੰਬਰ ਪਰੋਪਰ ਡਿਸਪਲੇਅ ਹਨ। ਪੁਲਿਸ ਵੱਲੋਂ ਸਿਹਤ ਸੰਸਥਾਵਾਂ ਦੀ ਰੂਟੀਨ ਪੈਟਰੋਲਿੰਗ ਕਰਨੀ ਯਕੀਨੀ ਬਣਾਈ ਜਾਵੇ। ਸਮੂਹ ਸਿਹਤ ਸੰਸਥਾਵਾਂ ਦੇ ਮੁਖੀ ਨੇੜਲੀਆਂ ਪੁਲਿਸ ਚੌਂਕੀਆਂ ਦੇ ਸੰਪਰਕ ਨੰਬਰ ਆਪਣੇ ਕੋਲ ਰੱਖਣ। ਸਿਹਤ ਸੰਭਾਲ ਪ੍ਰੋਫੈਸ਼ਨਲਾਂ ਦੀ ਸੁਰੱਖਿਆ ਲਈ ਐਮਰਜੈਂਸੀ ਦੀ ਸੂਰਤ ਵਿਚ ਤੁਰੰਤ ਕਾਰਵਾਈ ਯਕੀਨੀ ਬਣਾਉਣ ਲਈ 112 ਹੈਲਥਲਾਈਨ ਨੰਬਰ ’ਤੇ ਕਾਲ ਕਰਨ ਜਾਂ ਹੋਰ ਸੁਰੱਖਿਆ ਪ੍ਰਬੰਧਨ ਅਪਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਜਾਵੇ। ਜ਼ਿਲ੍ਹੇ ਦੇ ਸਮੂਹ ਹਸਪਤਾਲਾਂ ਵਿਚ ਪੰਜਾਬ ਗੌਰਮਿੰਟ ਦਾ ਮੈਡੀਕੇਅਰ ਸਰਵਿਸ ਪਰਸਨਸ ਅਤੇ ਮੈਡੀਕੇਅਰ ਸਰਵਿਸ ਇੰਸਟੀਟਿਊਸ਼ਨਸ (ਪ੍ਰਾਪਰਟੀ ਨੂੰ ਨੁਕਸਾਨ ਅਤੇ ਹਿੰਸਾ ਦੀ ਰੋਕਥਾਮ) ਸੁਰੱਖਿਆ ਐਕਟ, 2008 ਸਬੰਧੀ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਵਿਚ ਬੋਰਡ ਡਿਸਪਲੇਅ ਕਰਨੇ ਯਕੀਨੀ ਬਣਾਏ ਜਾਣ।
ਉਨ੍ਹਾਂ ਅਜਿਹੇ ਪੁਖਤਾ ਪ੍ਰਬੰਧ ਕੀਤੇ ਜਾਣ ਕਿ ਜੇਕਰ ਕੋਈ ਸ਼ਰਾਰਤੀ ਅਨਸਰ ਕੋਈ ਵੀ ਘਿਨਾਉਣੀ ਹਰਕਤ ਕਰਦਾ ਹੈ ਤਾਂ ਉਸ ਨੂੰ ਕੁਝ ਸਮੇਂ 'ਚ ਹੀ ਕਾਬੂ ਕਰ ਲਿਆ ਜਾਵੇ।