- ਐਮ.ਸੀ.ਐਮ.ਸੀ. ਕਮੇਟੀ ਵੱਲੋਂ ਪ੍ਰਿੰਟ, ਇਲੈਕਟ੍ਰੋਨਿਕ ਅਤੇ ਸ਼ੋਸ਼ਲ ਮੀਡੀਆ ‘ਤੇ ਰੱਖੀ ਜਾ ਰਹੀ ਨਜ਼ਰ
ਨਵਾਂਸ਼ਹਿਰ, 21 ਮਾਰਚ : ਜ਼ਿਲ੍ਹਾ ਚੋਣ ਅਫਸਰ-ਕਮ- ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵਲੋਂ ਮੀਡੀਆ ਮੋਨੀਟਰਿੰਗ ਐਂਡ ਸਰਟੀਫਿਕੇਸ਼ਨ ਸੈੱਲਦਾ ਦੌਰਾ ਕੀਤਾ ਗਿਆ। ਇਸ ਮੌਕੇ ਐਮ. ਸੀ. ਐਮ. ਸੀ. ਦੇ ਨੋਡਲ ਅਫਸਰ-ਕਮ-ਡੀ.ਪੀ.ਆਰ.ਓ. ਅਰੁਣ ਚੌਧਰੀ ਵਲੋਂ ਜ਼ਿਲ੍ਹਾ ਚੋਣ ਅਫਸਰ ਨੂੰ ਮੀਡੀਆ ਮੋਨੀਟਰਿੰਗ ਐਂਡ ਸਰਟੀਫਿਕੇਸ਼ਨ ਕਮੇਟੀ ਦੇ ਕੰਮ-ਕਾਜ ਸਬੰਧੀ ਜਾਣਕਾਰੀ ਦਿੱਤੀ ਗਈ।ਉਨ੍ਹਾਂ ਦੱਸਿਆ ਕਿ ਕਮੇਟੀ ਵਲੋਂ ਉਮੀਦਵਾਰਾਂ ਦੇ ਇਸ਼ਤਿਹਾਰਾਂ ਦੇ ਕੰਨਟੈਂਟ ਨੂੰ ਮਨਜ਼ੂਰੀ ਦੇਣ ਦੇ ਨਾਲ-ਨਾਲ ਉਨਾਂ ਦੇ ਸ਼ੋਸ਼ਲ ਮੀਡੀਆ ਖਾਤਿਆਂ ਉੱਪਰ ਵੀ ਕਰੜੀ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਇਹ ਵੀ ਦੱਸਿਆ ਕਿ ਐਮ. ਸੀ. ਐਮ. ਸੀ. ਵੱਲੋਂ ਪੇਡ ਨਿਊਜ਼ ਦੇ ਰੁਝਾਨ ਨੂੰ ਰੋਕਣ ਲਈ ਵੀ ਵਿਸ਼ੇਸ਼ ਟੀਮਾਂ ਰਾਹੀਂ ਅਖਬਾਰਾਂ ਤੇ ਵੱਖ-ਵੱਖ ਟੀ. ਵੀ. ਚੈਨਲਾਂ ਨੂੰ ਵਾਚਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਐਮ.ਸੀ.ਐਮ.ਸੀ ਸਬੰਧੀ ਰੋਜ਼ਾਨਾ ਤੌਰ ‘ਤੇ ਮੁੱਖ ਚੋਣ ਅਫ਼ਸਰ ਚੰਡੀਗੜ੍ਹ ਨੂੰ ਭੇਜੀ ਜਾਣ ਵਾਲੀ ਰਿਪੋਰਟ ਸਹੀ ਸਮੇਂ ‘ਤੇ ਭੇਜੀ ਜਾਵੇ। ਪ੍ਰਿੰਟ, ਇਲੈਕਟ੍ਰੋਨਿਕ ਅਤੇ ਸ਼ੋਸ਼ਲ ਮੀਡੀਆ ਵਿੱਚ ਤਾਇਨਾਤ ਕੀਤੇ ਗਏ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਹਦਾਇਤ ਕੀਤੀ ਗਈ ਹੈ ਕਿ ਉਹ ਰੋਜ਼ਾਨਾ ਤੌਰ ‘ਤੇ ਸਾਰੀਆਂ ਅਖਬਾਰਾਂ ਵਿੱਚ ਛਪੀਆਂ ਖਬਰਾਂ ‘ਤੇ ਨਿਗਾ ਰੱਖਣਗੇ, ਜੇਕਰ ਗਠਿਤ ਕੀਤੀ ਗਈ ਐਮ.ਸੀ.ਐਮ.ਸੀ ਕਮੇਟੀ ਵੱਲੋਂ ਕਿਸੇ ਖਬਰ ਦੀ ਸੰਭਾਵੀ ਪੇਡ ਨਿਊਜ ਜਾਪਦੀ ਹੈ ਤਾਂ ਇਸ ਸਬੰਧੀ ਰੋਜ਼ਾਨਾ ਤੌਰ ‘ਤੇ ਕਾਰਵਾਈ ਕਰਦੇ ਹੋਏ ਸਬੰਧਤ ਸਹਾਇਕ ਰਿਟਰਨਿੰਗ ਅਫ਼ਸਰਾਂ ਦੇ ਧਿਆਨ ਵਿੱਚ ਲਿਆਉਂਦਾ ਜਾਵੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਇਲੈਕਟ੍ਰੋਨਿਕ ਮੀਡੀਆ ਵਿੱਚ ਆਉਣ ਵਾਲੀਆਂ ਅਖਬਾਰਾਂ ਅਤੇ ਇਸ਼ਤਿਹਾਰਾਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਸ਼ੋਸ਼ਲ ਮੀਡੀਆ ਵਿੱਚ ਤਾਇਨਾਤ ਕਰਮਚਾਰੀਆਂ ਨੂੰ ਵੀ ਸ਼ੋਸ਼ਲ ਮੀਡੀਆ ਪੋਸਟ ਅਤੇ ਹੋਰ ਗਤੀਵਿਧੀਆਂ ‘ਤੇ ਨਜ਼ਰ ਰੱਖਣ ਦੀ ਹਦਾਇਤ ਕੀਤੀ ਗਈ ਹੈ।