ਨਸ਼ਿਆਂ ਬਾਰੇ ਜਾਣਕਾਰੀ ਦੇਣ ਵਾਲੇ ਦੇ ਵੇਰਵੇ ਰਹਿਣਗੇ ਪੂਰੀ ਤਰ੍ਹਾਂ ਗੁਪਤ : ਐਸਐਸਪੀ

  • ਹੁਸ਼ਿਆਰਪੁਰ ’ਚ ਨਸ਼ਾ ਸਮਗਲਰਾਂ ਦੀ 25 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਅਟੈਚ
  • ਸਮਾਜਿਕ ਬੁਰਾਈ ਖਿਲਾਫ਼ ਲੋਕਾਂ ਨੂੰ ਜੋੜਨ ਲਈ ਜਲਦ ਸ਼ੁਰੂ ਕਰਾਂਗੇ ਪਬਲਿਕ ਗਰੁੱਪ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 24 ਮਾਰਚ 2025 : ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਲੋਕਾਂ ਨੂੰ ਨਸ਼ਿਆਂ ਅਤੇ ਜ਼ੁਰਮਾਂ ਖਿਲਾਫ਼ ਜਾਗਰੂਕ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਪੁਲਿਸ ਵਲੋਂ ਅੱਜ ਇਥੇ ਏ.ਡੀ.ਜੀ.ਪੀ. ਨਰੇਸ਼ ਅਰੋੜਾ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਦੀ ਮੌਜੂਦਗੀ ਵਿਚ ਸੰਪਰਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਵਿਚ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਤੋਂ ਮੋਹਤਬਰਾਂ ਨੇ ਨਸ਼ਿਆਂ ਦੇ ਖਾਤਮੇ ਲਈ ਸਹਿਯੋਗ ਦਾ ਅਹਿਦ ਲਿਆ। ਹੁਸ਼ਿਆਰਪੁਰ ਸਿਟੀ ਸੈਂਟਰ ਵਿਖੇ ਹੋਏ ਭਰਵੇਂ ਪ੍ਰੋਗਰਾਮ ਦੌਰਾਨ ਏ.ਡੀ.ਜੀ.ਪੀ. (ਮਨੁੱਖੀ ਅਧਿਕਾਰ) ਨਰੇਸ਼ ਅਰੋੜਾ ਨੇ ਜ਼ਿਲ੍ਹਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਨਸ਼ਿਆਂ ਵਿਰੁੱਧ ਮੁਹਿੰਮ ਵਿਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਲਾ ਕੇ ਬਣਦਾ ਯੋਗਦਾਨ ਪਾਇਆ ਜਾਵੇ ਤਾਂ ਜੋ ਮਾੜੇ ਅਨਸਰਾਂ ਨੂੰ ਸਖਤੀ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸੰਪਰਕ ਪ੍ਰੋਗਰਾਮ ਦਾ ਮਕਸਦ ਲੋਕਾਂ ਦੇ ਸਹਿਯੋਗ ਨਾਲ ਨਸ਼ਿਆਂ ਦੀ ਅਲਾਮਤ ਨੂੰ ਖਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਤਾਂ ਅੱਤਵਾਦ ਵਰਗੀ ਵੱਡੀ ਚੁਨੌਤੀ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਸੀ ਅਤੇ ਨਸ਼ਿਆਂ ਨੂੰ ਵੀ ਖਤਮ ਕਰਨ ਵਿਚ ਕਾਮਯਾਬੀ ਹਾਸਲ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਪੀਲ ਹੈ ਕਿ ਉਹ ਪੱਧਰ ’ਤੇ ਆਪਣਾ ਬਣਦਾ ਯੋਗਦਾਨ ਪਾਉਣ, ਸਹਿਯੋਗ, ਤਾਲਮੇਲ ਨੂੰ ਯਕੀਨੀ ਬਣਾਉਣ ਤਾਂ ਜੋ ਪੁਲਿਸ ਵੀ ਹੋਰ ਠੋਸ ਢੰਗ ਨਾਲ ਕਾਰਵਾਈ ਅਮਲ ਵਿਚ ਲਿਆਵੇ। ਏ.ਡੀ.ਜੀ.ਪੀ. ਨਰੇਸ਼ ਅਰੋੜਾ ਨੇ ਕਿਹਾ ਕਿ ਨਸ਼ਿਆਂ ਦੀ ਸਪਲਾਈ ਚੇਨ ਤੋੜਨ ਦੇ ਨਾਲ-ਨਾਲ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਖਾਸਕਰ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਅਤੇ ਮਾਰੂ ਰੁਝਾਨਾਂ ਪ੍ਰਤੀ ਜਾਗਰੂਕ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਪੁਲਿਸ ਵਲੋਂ ਪਿਛਲੇ ਸਮਿਆਂ ਦੌਰਾਨ ਨਸ਼ਾ ਸਮਗਲਰਾਂ ’ਤੇ ਪੂਰਾ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜਿਸ ਤਹਿਤ ਇਨ੍ਹਾਂ ਸਮਗਲਰਾਂ ਦੀ 25 ਕਰੋੜ ਰੁਪਏ ਤੋਂ ਵੱਧ ਦੀ ਪ੍ਰਾਪਰਟੀ ਨੂੰ ਅਟੈਚ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਵਲੋਂ ਸ਼ੁਰੂ ਕੀਤੇ ’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 23 ਮਾਰਚ ਤੱਕ ਸੂਬੇ ਭਰ ਵਿਚ 2748 ਡਰੱਗ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੰਪਰਕ ਮੁਹਿੰਮ ਨਾਲ ਜੁੜ ਕੇ ਇਸ ਸਮਾਜਿਕ ਕਾਰਜ ਵਿਚ ਅਹਿਮ ਰੋਲ ਅਦਾ ਕਰਨ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸੰਬੋਧਨ ਕਰਦਿਆਂ ਲੋਕਾਂ ਤੋਂ ਪੂਰਨ ਸਹਿਯੋਗ ਦੀ ਮੰਗ ਕੀਤੀ ਅਤੇ ਕਿਹਾ ਕਿ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਨਸ਼ਿਆਂ ਦੀ ਰੋਕਥਾਮ ਲਈ ਹਰ ਉਪਰਾਲਾ ਕਰੇਗਾ ਤਾਂ ਜੋ ਇਸ ਅਲਾਮਤ ਦਾ ਮੁਕੰਮਲ ਸਫਾਇਆ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਲੋੜ ਅਨੁਸਾਰ ਖੇਡ ਗਰਾਉਂਡਾਂ ਸਥਾਪਤ ਕੀਤੀਆਂ ਜਾਣਗੀਆਂ ਅਤੇ ਜਿੰਮ ਬਣਾਏ ਜਾਣਗੇ ਤਾਂ ਜੋ ਨੌਜਵਾਨਾਂ ਦੀ ਪ੍ਰਤਿਭਾ ਨੂੰ ਚੰਗੇ ਪਾਸੇ ਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜਲਦ ਹੀ ਸੋਸ਼ਲ ਮੀਡੀਆ ’ਤੇ ਇਕ ਗਰੁੱਪ ਬਣਾਉਣ ਜਾ ਰਿਹਾ ਹੈ ਜਿਸ ਰਾਹੀਂ ਲੋਕਾਂ ਨਾਲ ਜੁੜ ਕੇ ਨਸ਼ਿਆਂ ਵਿਰੁੱਧ ਕਦਮ ਚੁੱਕੇ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਨਸ਼ਾ ਛੁਡਾਊ ਕੇਂਦਰਾਂ ਦੇ ਨਤੀਜੇ ਬਹੁਤ ਹੀ ਸਾਰਥਕ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚਲਾਇਆ ਜਾ ਰਿਹਾ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਬਹੁਤ ਹੀ ਸੁਚੱਜੇ ਢੰਗ ਨਾਲ ਕਾਰਜਸ਼ੀਲ ਹੈ ਜਿਥੇ ਨੌਜਵਾਨਾਂ ਨੂੰ ਹੁਨਰ ਵਿਕਾਸ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਨੇ ਲੋਕਾਂ ਨੂੰ ਬਿਨਾ ਕਿਸੇ ਪ੍ਰਭਾਵ ਜਾਂ ਡਰ ਤੋਂ ਨਸ਼ਿਆਂ ਸਬੰਧੀ ਜਾਣਕਾਰੀਆਂ ਸਾਂਝੀਆਂ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਉਨ੍ਹਾਂ ਵਲੋਂ ਦਿੱਤੀ ਜਾਣਕਾਰੀ ਪੂਰਨ ਤੌਰ ’ਤੇ ਗੁਪਤ ਰੱਖਦਿਆਂ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਅਤੇ ਡਾਇਰੈਕਟਰ ਜਨਰਲ ਆਫ਼ ਪੁਲਿਸ ਸ਼੍ਰੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ’ਤੇ ਰਾਜ ਭਰ ਵਿਚ ਸ਼ੁਰੂ ਹੋਈ ਇਹ ਮੁਹਿੰਮ ਜ਼ਿਲ੍ਹੇ ਵਿਚ ਵੀ ਜੰਗੀ ਪੱਧਰ ’ਤੇ ਜਾਰੀ ਹੈ। ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਇਸ ਅਲਾਮਤ ਨੂੰ ਠੱਲ੍ਹ ਪਾਉਣ ਲਈ ਤਿੰਨ ਨੁਕਾਤੀ ਪ੍ਰੋਗਰਾਮ ਨਸ਼ਿਆਂ ਵਿਰੁੱਧ ਸਖਤ ਕਾਰਵਾਈ, ਨਸ਼ਾ ਛੁਡਾਉਣਾ ਤੇ ਮੁੜ ਵਸੇਬਾ ਅਤੇ ਨਸ਼ਿਆਂ ਦੀ ਰੋਕਥਾਮ ਨੂੰ ਅਸਰਦਾਰ ਢੰਗ ਨਾਲ ਜ਼ਿਲ੍ਹੇ ਵਿਚ ਲਾਗੂ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵੱਖ-ਵੱਖ ਪਿੰਡਾਂ ਤੋਂ ਆਈਆਂ ਪੰਚਾਇਤਾਂ ਦੇ ਨੁਮਾਇੰਦਿਆਂ ਅਤੇ ਸ਼ਹਿਰੀ ਖੇਤਰ ਦੇ ਮੋਹਤਬਰਾਂ ਵਲੋਂ ਵੀ ਨਸ਼ਿਆਂ ਖਿਲਾਫ਼ ਮੁਹਿੰਮ ਲਈ ਆਪਣੇ ਸੁਝਾਅ ਦਿੱਤੇ ਗਏ। ਇਸ ਦੌਰਾਨ ਨਸ਼ਾ ਮੁਕਤੀ ਕੇਂਦਰ ਤੋਂ ਕਾਊਂਸਲਰ ਸੰਦੀਪ ਕੁਮਾਰੀ ਨੇ ਨਸ਼ਿਆਂ ਦੀ ਰੋਕਥਾਮ ਅਤੇ ਇਲਾਜ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਆਈ.ਪੀ.ਐਸ. ਅਧਿਕਾਰੀ ਗਜ਼ਲਪ੍ਰੀਤ ਕੌਰ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ। ਏ.ਡੀ.ਜੀ.ਪੀ. ਨੇ ਕੀਤਾ ਮੰਗੂਵਾਲ ਅੰਤਰਰਾਜੀ ਬੈਰੀਅਰ ਦਾ ਦੌਰਾ : ਏ.ਡੀ.ਜੀ.ਪੀ. ਨਰੇਸ਼ ਅਰੋੜਾ ਨੇ ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਸਮੇਤ ਪੰਜਾਬ-ਹਿਮਾਚਲ ਪ੍ਰਦੇਸ਼ ਦੀ ਹੱਦ ’ਤੇ ਸਥਿਤ ਮੰਗੂਵਾਲ ਬੈਰੀਅਰ ਦਾ ਦੌਰਾ ਕਰਕੇ ਚੱਲ ਰਹੀ ਚੈਕਿੰਗ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਨਾਕੇ ’ਤੇ ਮੌਜੂਦ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕਰਦਿਆਂ ਕਿਹਾ ਕਿ ਵਾਹਨਾਂ ਦੀ ਪੂਰੀ ਮੁਸਤੈਦੀ ਨਾਲ ਚੈਕਿੰਗ ਕੀਤੀ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਨਾ ਹੋ ਸਕੇ। ਉਨ੍ਹਾਂ ਨੇ ਬੈਰੀਅਰ ’ਤੇ ਲੱਗੇ ਸੀ.ਸੀ.ਟੀ.ਵੀ. ਨਿਗਰਾਨੀ ਦਾ ਵੀ ਜਾਇਜ਼ਾ ਲਿਆ।