-ਕੈਬਨਿਟ ਮੰਤਰੀ ਨੇ ਸ਼ਹੀਦ ਊਧਮ ਸਿੰਘ ਦੇ ਜਨਮ ਦਿਵਸ ’ਤੇ ਭੇਟ ਕੀਤੇ ਸ਼ਰਧਾ ਦੇ ਫੁੱਲ
ਹੁਸ਼ਿਆਰਪੁਰ, 26 ਦਸੰਬਰ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਭਾਰਤ ਮਾਤਾ ਦੇ ਉਹ ਮਹਾਨ ਸਪੂਤ ਸਨ, ਜਿਨ੍ਹਾਂ ਨੇ ਦੇਸ਼ ਖਾਤਰ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਸੀ। ਉਨ੍ਹਾਂ ਨੇ ਜਾਲਮ ਬਰਤਾਨਵੀ ਹਕੂਮਤ ਨਾਲ ਜਲਿ੍ਹਆਂਵਾਲੇ ਬਾਗ ਵਿਚ ਨਿਹੱਥੇ ਅਤੇ ਬੇਕਸੂਰ ਭਾਰਤੀਆਂ ਉਤੇ ਕੀਤੇ ਜ਼ੁਲਮ ਦਾ ਬਦਲਾ ਲਿਆ। ਅੱਜ ਅਸੀਂ ਜਿਸ ਆਜ਼ਾਦੀ ਦਾ ਆਨੰਦ ਲੈ ਰਹੇ ਹਾਂ, ਉਹ ਸਾਡੇ ਅਨੇਕਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਕਾਰਨ ਹੀ ਸੰਭਵ ਹੋ ਸਕਿਆ ਹੈ। ਉਹ ਅੱਜ ਸ਼ਹੀਦ ਊਧਮ ਸਿੰਘ ਦੇ ਜਨਮ ਦਿਵਸ ਮੌਕੇ ਨਗਰ ਸੁਧਾਰ ਟਰੱਸਟ ਮਾਰਕੀਟ ਵਿਚ ਸਥਾਪਿਤ ਉਨ੍ਹਾਂ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕਰਨ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਹਰਮੀਤ ਸਿੰਘ ਔਲਖ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਆਪਣੇ ਜੀਵਨ ਦੀ ਕੁਰਬਾਨੀ ਦੇਣ ਵਾਲਿਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ, ਬਲਕਿ ਸ਼ਹੀਦ ਹੀ ਸਾਡੀ ਵਿਰਾਸਤ ਹਨ ਅਤੇ ਦੇਸ਼ ਵਾਸੀ ਹਮੇਸ਼ਾ ਇਨ੍ਹਾਂ ਦੇ ਕਰਜ਼ਾਈ ਰਹਿਣਗੇ। ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਦੇ ਸ਼ਾਸਨ ਤੋਂ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਬਲੀਦਾਨ ਦੇਣ ਵਾਲੇ ਵੀਰ ਸਪੂਤਾਂ ਪ੍ਰਤੀ ਦੇਸ਼ ਹਮੇਸ਼ਾ ਨਤਮਸਤਕ ਰਹੇਗਾ। ਬ੍ਰਮ ਸ਼ੰਕਰ ਜਿੰਪਾ ਨੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ’ਤੇ ਉਨ੍ਹਾਂ ਸਲਾਮ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਦੇਸ਼ ਭਗਤੀ ਅਤੇ ਸ਼ਹਾਦਤ ਸਾਡੀ ਮੌਜੂਦਾ ਅਤੇ ਆਉਣ ਵਾਲੀ ਪੀੜ੍ਹੀ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹੇਗੀ। ਉਨ੍ਹਾਂ ਕਿਹਾ ਕਿ ਦੇਸ਼ ਜੰਗ-ਏ-ਆਜ਼ਾਦੀ ਵਿਚ ਪੰਜਾਬੀਆਂ ਨੇ ਵੱਡੀ ਗਿਣਤੀ ਵਿਚ ਕੁਰਬਾਨੀਆਂ ਦਿੱਤੀਆਂ ਸਨ ਅਤੇ ਸ਼ਹੀਦ ਊਧਮ ਸਿੰਘ ਵਲੋਂ ਦਿੱਤੀ ਗਈ ਕੁਰਬਾਨੀ ਆਪਣੇ-ਆਪ ਵਿਚ ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਸ਼ਹੀਦਾਂ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਹੋਰ ਮਜ਼ਬੂਤ ਕਰੀਏ। ਇਸ ਮੌਕੇ ਕੌਂਸਲਰ ਪ੍ਰਦੀਪ ਬਿੱਟੂ, ਸਤਵੰਤ ਸਿੰਘ ਸਿਆਣ, ਸੁਮੇਸ਼ ਸੋਨੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।