ਹੁਸਿ਼ਆਰਪੁਰ, 09 ਮਾਰਚ : ਹੁਸਿ਼ਆਰਪੁਰ ਦੇ ਪਿੰਡ ਜਹਾਨਖੇਲਾਂ ਵਿਖੇ ਗਊ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਈ ਝੜਪ ਨੇ ਖੂਨੀ ਰੂਪ ਧਾਰਨ ਕਰ ਲਿਆ ਤੇ ਇਕ ਧਿਰ ਵਲੋਂ ਦੂਜੀ ਧਿਰ ਦੇ ਦੋ ਨੌਜਵਾਨਾਂ ਤੇ ਕੁਹਾੜਿਆਂ ਨਾਲ ਹਮਲਾ ਕਰਕੇ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ, ਜਿਸ ਕਾਰਨ ਇਕ ਨੌਜਵਾਨ ਅਮਿਤ ਕੁਮਾਰ ਪੁੱਤਰ ਅਨੂਪ ਕੁਮਾਰ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਸਬੰਧ ਚ ਥਾਣਾ ਸਦਰ ਪੁਲਿਸ ਵਲੋਂ ਮ੍ਰਿਤਕ ਨੌਜਵਾਨ ਅਮਿਤ ਕੁਮਾਰ ਦੇ ਭਰਾ ਵਿਜੇ ਕੁਮਾਰ ਦੇ ਬਿਆਨਾਂ ਤੇਂ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਹੁਣ ਥਾਣਾ ਸਦਰ ਪੁਲਿਸ ਵਲੋਂ ਉਕਤ ਮਾਮਲੇ ਚ ਨਾਮਜ਼ਦ ਇਕੋ ਪਰਿਵਾਰ ਦੇ 8 ਜੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸਐਚਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ 6 ਮਾਰਚ ਨੂੰ ਪਿੰਡ ਬਜਵਾੜਾ ਦੇ ਹੀ ਰਹਿਣ ਵਾਲੇ 2 ਪਰਿਵਾਰਾਂ ਚ ਗਊ ਦੇ ਚਾਰੇ ਨੂੰ ਲੈ ਕੇ ਆਪਸੀ ਝਗੜਾ ਹੋਇਆ ਸੀ ਤੇ ਇਸ ਦੌਰਾਨ ਇਕ ਧਿਰ ਵਲੋਂ ਆਪਣੇ ਪਰਿਵਾਰ ਨਾਲ ਮਿਲ ਕੇ ਚੌਕ ਚ ਖੜ੍ਹੇ ਨੌਜਵਾਨਾਂ ਤੇ ਕੁਹਾੜਿਆਂ ਅਤੇ ਹੋਰਨਾਂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ ਜਿਸ ਕਾਰਨ ਉਕਤ ਹਮਲੇ ਚ 2 ਭਰਾ ਅਮਿਤ ਕੁਮਾਰ ਅਤੇ ਵਿਜੇ ਕੁਮਾਰ ਜ਼ਖਮੀ ਹੋ ਗਏ ਸੀ ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ ਜਿਥੇ ਕਿ ਅਮਿਤ ਕੁਮਾਰ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਪਰਿਵਾਰ ਦੇ 3 ਜੀਆਂ ਨੂੰ ਪਹਿਲਾਂ ਹੀ ਕਾਬੂ ਕੀਤਾ ਜਾ ਚੁੱਕਾ ਸੀ ਤੇ ਬਾਕੀ ਰਹਿੰਦੇ 5 ਕਥਿਤ ਦੋਸ਼ੀਆਂ ਨੂੰ ਵੀ ਪੁਲਿਸ ਵਲੋਂ ਹੁਣ ਕਾਬੂ ਕਰ ਲਿਆ ਗਿਆ ਏ।