ਜਲੰਧਰ, 12 ਅਕਤੂਬਰ 2024 : ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਾਂਗਰਸ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 'ਤੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਭਾਜਪਾ ਨੇ ਹਰਿਆਣਾ ਜਿੱਤ ਲਿਆ ਹੈ, ਹੁਣ ਪੰਜਾਬ ਵਿਚ ਭਾਜਪਾ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। 2027 ਦੀਆਂ ਚੋਣਾਂ ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਹਰ ਹਾਲਤ ਵਿੱਚ ਬਣੇਗੀ, ਕਿਉਂਕਿ ਪੰਜਾਬ ਦੇ ਲੋਕਾਂ ਨੇ ਅਕਾਲੀ ਅਤੇ ‘ਆਪ’ ਸਰਕਾਰਾਂ ਨੂੰ ਅਜ਼ਮਾਇਆ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਹਰਿਆਣਾ ਦੇ ਬਾਰਡਰਾਂ 'ਤੇ ਕਿਸਾਨ ਲੀਡਰ ਧਰਨਾ ਲਾਈ ਬੈਠੇ ਹਨ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜਿਹੜੇ ਆਪਣੇ ਆਪ ਨੂੰ ਕਿਸਾਨ ਲੀਡਰ ਕਹਾਉਂਦੇ ਹਨ, ਉਹ ਪੰਜਾਬ ਨੂੰ ਬਰਬਾਦ ਕਰ ਰਹੇ ਹਨ। ਕਦੇ ਅਸੀਂ ਸ਼ੰਭੂ ਉੱਤੇ ਬੈਠ ਰਹੇ ਤੇ ਕਦੇ ਟਿਕਰੀ ਉੱਤੇ ਬੈਠ ਰਹੇ, ਪਰ ਵੋਟ ਇਨ੍ਹਾਂ ਨੂੰ ਇੱਕ ਵੀ ਨਹੀਂ ਪਾਉਂਦਾ। ਉਨ੍ਹਾਂ ਕਿਹਾ ਕਿ ਮੰਡੀਆਂ ਚੋਂ ਫਸਲਾਂ ਚੁਕਾਉਣ ਲਈ ਕੇਂਦਰ ਸਰਕਾਰ ਪੈਸਾ ਭੇਜ ਚੁੱਕੀ ਹੈ, ਪਰ ਕਿਸਾਨ ਲੀਡਰਾਂ ਕਰਕੇ ਕਿਸਾਨ ਵਿਚਾਰੇ ਮੰਡੀਆਂ ਵਿੱਚ ਰੁਲ ਰਹੇ ਹਨ। ਜੋ ਕਿਸਾਨ ਅੱਜ ਮੰਡੀਆਂ ਵਿੱਚ ਰੁੱਲ ਰਹੇ ਹਨ, ਉਨ੍ਹਾਂ ਦੀਆਂ ਫਸਲਾਂ ਕਿਸਾਨ ਲੀਡਰਾਂ ਨੂੰ ਹੁਣ ਆਪ ਮੰਡੀਆਂ ਵਿਚੋਂ ਜਾ ਕੇ ਚੁਕਾਉਣਾ ਪਵੇਗਾ। ਬਿੱਟੂ ਨੇ ਕਾਂਗਰਸ 'ਤੇ ਹਮਲਾ ਬੋਲਦਿਆ ਕਿਹਾ ਕਿ ਇਹ ਕੇਂਦਰ ਦੀ ਸਰਕਾਰ ਉੱਤੇ ਸਵਾਲ ਚੁੱਕਦੇ ਹਨ ਅਤੇ ਆਪ ਧੜੇਬਾਜ਼ੀਆਂ ਵਿੱਚ ਵੰਡੇ ਹੋਏ ਹਨ। ਬਿੱਟੂ ਨੇ ਕਿਹਾ ਕਿ ਕਾਂਗਰਸ ਜਲੇਬੀ ਵਾਲੀ ਕੋਈ ਫੈਕਟਰੀ ਲੱਭ ਲੈਣ, ਜੋ ਮੇਰੇ ਅਤੇ ਭਾਜਪਾ ਦੇ ਕੰਮਾਂ ਉੱਤੇ ਸਵਾਲ ਚੱਕਦੇ ਹਨ, ਹੁਣ ਉਨ੍ਹਾਂ ਨੂੰ ਪੁੱਛ ਕੇ ਥੋੜੀ ਅਸੀਂ ਕੰਮ ਕਰਾਂਗੇ। ਮੋਦੀ ਦੀ ਤੀਜੀ ਵਾਰ ਸਰਕਾਰ ਬਣੀ ਹੈ, ਲੋਕਾਂ ਨੇ ਬਣਾਈ ਹੈ, ਕੰਮ ਹੋ ਰਹੇ ਹਨ ਤਾਂ ਭਾਜਪਾ ਨੇ ਤੀਜੀ ਵਾਰ ਸਰਕਾਰ ਬਣਾਈ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਕਾਂਗਰਸ ਸਿਮਟ ਕੇ 6 ਸੀਟਾਂ ਉੱਤੇ ਰਹਿ ਗਈ ਹੈ, ਭਾਜਪਾ ਨੇ ਸਫਾਇਆ ਕਰ ਦਿੱਤਾ ਹੈ।