ਹੁਸ਼ਿਆਰਪੁਰ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਕਰਵਾਏ ਜਾ ਰਹੇ ਕਲਾ ਉਤਸਵ ਦੇ ਜੋਨਲ ਪੱਧਰ ਦੇ ਮੁਕਾਬਲਿਆਂ ਵਿਚ ਮਿਊਜ਼ੀਕਲ ਇੰਸਟਰੂਮੈਂਟ ਢੋਲ ਵਿਚ ਪਹਿਲੇ ਸਥਾਨ ’ਤੇ ਆਉਣ ਵਾਲੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਦੀ ਵਿਦਿਆਰਥਣ ਰਿਤਿਕਾ ਸੈਣੀ ਨੂੰ ਵਧਾਈ ਦਿੰਦੇ ਹੋਏ ਉਸ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ ਹੈ। ਅੱਜ ਉਨ੍ਹਾਂ ਨੇ ਰਿਤਿਕਾ ਨੂੰ 19 ਨਵੰਬਰ ਨੂੰ ਹੋਣ ਵਾਲੇ ਸੂਬਾ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅੱਜ ਲੜਕੀਆਂ ਕਿਸੇ ਵੀ ਖੇਤਰ ਵਿਚ ਘੱਟ ਨਹੀਂ ਹਨ, ਬਲਕਿ ਹਰ ਖੇਤਰ ਵਿਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਿਤਿਕਾ ਨੇ ਜੋਨਲ ਮੁਕਾਬਲਿਆਂ ਵਿਚ 6 ਜ਼ਿਲਿ੍ਹਆਂ ਨੂੰ ਹਰਾ ਕੇ ਆਪਣਾ ਸਥਾਨ ਬਣਾਇਆ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਉਹ ਸੂਬਾ ਪੱਧਰੀ ਮੁਕਾਬਲਿਆਂ ਵਿਚ ਵੀ ਇਸੇ ਤਰ੍ਹਾਂ ਆਪਣੀ ਬੜਤ ਬਣਾਏਗੀ। ਉਨ੍ਹਾਂ ਕਿਹਾ ਕਿ ਰਿਤਿਕਾ ਦੀ ਉਪਲਬੱਧੀ ਦਾ ਸੇਹਰਾ ਉਸ ਦੇ ਮਾਪਿਆਂ ਤੋਂ ਇਲਾਵਾ ਸਕੂਲ ਦੀ ਪ੍ਰਿੰਸੀਪਲ ਲਲਿਤਾ ਅਰੋੜਾ ਅਤੇ ਉਸਤਾਦ ਮੇਹਰ ਚੰਦ ਨੂੰ ਜਾਂਦਾ ਹੈ। ਇਸ ਮੌਕੇ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਇੰਦਰਪਾਲ ਸਿੰਘ, ਸਤਵੰਤ ਸਿੰਘ ਸਿਆਨ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।