ਜਲੰਧਰ, 12 ਜੁਲਾਈ 2024 : ਖਡੂਰ ਸਾਹਿਬ ਤੋਂ ਲੋਕ ਸਭਾ ਦੇ ਐਮਪੀ ਅੰਮ੍ਰਿਤਪਾਲ ਸਿੰਘ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਨੂੰ ਜਲੰਧਰ ਦਿਹਾਤੀ ਪੁਲਿਸ ਵੱਲੋਂ ਨਸ਼ੀਲੇ ਪਦਾਰਥ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਸੂਤਰਾਂ ਮੁਤਾਬਿਕ ਹਰਪ੍ਰੀਤ ਕੋਲੋਂ ਪੰਜ ਗ੍ਰਾਮ ਆਈਸ ਬਰਾਮਦ ਕੀਤੀ ਗਈ ਹੈ, ਅਤੇ ਦੋ ਹੋਰ ਸਾਥੀਆਂ ਨੂੰ ਬੀਤੇ ਦਿਨੀਂ ਆਈਸ ਡਰੱਗ (ਨਸ਼ੇ) ਸਮੇਤ ਗ੍ਰਿਫ਼ਤਾਰ ਕੀਤਾ ਸੀ। ਅੱਜ ਪੁਲਿਸ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਮੁਲਜ਼ਮ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਕੋਲੋਂ 4 ਗ੍ਰਾਮ ਡਰੱਗ ਬਰਾਮਦ ਹੋਈ ਹੈ। ਹਰਪ੍ਰੀਤ ਕੋਲੋਂ ਬਰਾਮਦ ਹੋਈ ਨਸ਼ੀਲਾ ਪਦਾਰਥ ਮੈਥਾਮਫੇਟਾਮਾਈਨ ਦੱਸਿਆ ਜਾਂਦਾ ਹੈ। ਇਸ ਤੋਂ ਬਾਅਦ ਦੇਰ ਰਾਤ ਉਸ ਦਾ ਮੈਡੀਕਲ ਵੀ ਕਰਵਾਇਆ ਗਿਆ। ਇਸ ਮੌਕੇ ਐਸਐਸਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਤਹਿਤ ਪਿਛਲੇ ਤਿੰਨ ਹਫ਼ਤਿਆਂ ਤੋਂ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਕੁਝ ਵਿਅਕਤੀਆਂ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ ਦੇਰ ਸ਼ਾਮ ਫਿਲੌਰ ਤੋਂ ਜਲੰਧਰ ਨੂੰ ਆਉਂਦੇ ਸਮੇਂ ਉਕਤ ਵਿਅਕਤੀ ਨੂੰ ਸੜਕ ਕਿਨਾਰੇ ਇਕ ਕਰੈਟਾ ਗੱਡੀ ਜਿਸ ਦੀ ਅੰਮ੍ਰਿਤਸਰ ਨੰਬਰ ਮਿਲੀ। ਜਿਸ ਦੇ ਸ਼ੀਸ਼ੇ ਵੀ ਕਾਲੇ ਸਨ ਅਤੇ ਇੱਕ ਜਾਲੀ ਵੀ ਲੱਗੀ ਹੋਈ ਸੀ। ਚੈਕਿੰਗ ਦੌਰਾਨ ਗੱਡੀ ’ਚ 2 ਵਿਅਕਤੀ ਮੌਜੂਦ ਸਨ । ਜਿਸ ਤੋਂ ਬਾਅਦ ਉਨ੍ਹਾਂ ਦੀ ਟੀਮ ਨੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਸੀਨੀਅਰ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਗੱਡੀ ਦੀ ਚੈਕਿੰਗ ਕੀਤੀ ਤਾਂ ਗੱਡੀ 'ਚੋਂ 4 ਗ੍ਰਾਮ ਆਈਸ ਡਰੱਗ ਬਰਾਮਦ ਹੋਈ। ਇਸ ਦੇ ਨਾਲ ਹੀ 2 ਫੋਨ ਵੀ ਬਰਾਮਦ ਹੋਏ ਹਨ। ਪੁਲਿਸ ਨੇ ਇਸ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਪੁੱਤਰ ਗੁਰਪ੍ਰੀਤ ਵਾਸੀ ਚੀਮਾ ਵਾਰਡ, ਥਾਣਾ ਬਿਆਸ ਅਤੇ ਹਰਪ੍ਰੀਤ ਉਰਫ਼ ਹੈਪੀ ਪੁੱਤਰ ਤਰਸੇਮ ਸਿੰਘ ਵਾਸੀ ਜੱਲੂਪੁਰ ਖੇੜਾ ਵਜੋਂ ਹੋਈ ਹੈ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਲਾਈਟਰ ਤੇ ਹੋਰ ਸਾਮਾਨ ਵੀ ਬਰਾਮਦ ਹੋਇਆ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਲੁਧਿਆਣਾ ਦੇ ਰਹਿਣ ਵਾਲੇ ਸੰਦੀਪ ਅਰੋੜਾ ਨਾਂ ਦੇ ਵਿਅਕਤੀ ਤੋਂ ਨਸ਼ੀਲੇ ਪਦਾਰਥ ਲੈ ਕੇ ਆਏ ਸਨ। ਮੁਲਜ਼ਮਾਂ ਨੇ ਪੇਟੀਐਮ ਰਾਹੀਂ ਉਕਤ ਵਿਅਕਤੀ ਨੂੰ 10,000 ਰੁਪਏ ਭੇਜੇ ਸਨ। ਮੈਡੀਕਲ ਰਿਪੋਰਟ ਵਿਚ ਦੋਵਾਂ ਮੁਲਜ਼ਮਾਂ ਦਾ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਐਸਐਸਪੀ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਸ਼ੱਕੀ ਹਾਲਾਤ ਵਿਚ ਮਿਲੇ ਹਨ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਮਗਰੋਂ ਤੀਜੇ ਮੁਲਜ਼ਮ ਨੂੰ ਵੀ ਬਾਅਦ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐਸਐਸਪੀ ਨੇ ਦੱਸਿਆ ਕਿ ਐਨਡੀਪੀਐਸ ਨੂੰ 22-27 ਦਾ ਵਾਅਦਾ ਕਰਕੇ 29 ਕਰ ਦਿੱਤਾ ਗਿਆ ਹੈ। ਐਸਐਸਪੀ ਨੇ ਕਿਹਾ ਕਿ 29 ਦੇ ਵਾਅਦੇ ਦਾ ਹੀ ਮਤਲਬ ਹੈ ਕਿ ਜਿਸ ਵਿਅਕਤੀ ਤੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਤੀਜੇ ਮੁਲਜ਼ਮ ਦੀ ਪਛਾਣ ਸੰਦੀਪ ਅਰੋੜਾ ਵਾਸੀ ਈਟਾ ਨਗਰ ਥਾਣਾ ਹੈਬੋਵਾਲ ਵਜੋਂ ਹੋਈ ਹੈ।
ਪੰਜਾਬ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਵੱਲੋਂ ਉਸ ਦੇ ਪੁੱਤਰ ਨੂੰ ਗ਼ਲਤ ਕੇਸ ਵਿਚ ਫਸਾਇਆ ਗਿਆ-ਤਰਸੇਮ ਸਿੰਘ/ਦਵਿੰਦਰ ਸਿੰਘ ਭੰਗੂ
ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਭਰਾ ਹਰਪ੍ਰੀਤ ਸਿੰਘ ਨੂੰ ਫਿਲੌਰ ਤੋਂ ਨਸ਼ੇ ਸਮੇਤ ਜਲੰਧਰ ਪੁਲੀਸ ਵਲੋ ਕਾਬੂ ਕਰਨ ਸਬੰਧੀ ਉਸ ਦੇ ਪਿਤਾ ਤਰਸੇਮ ਸਿੰਘ ਨੇ ਪੰਜਾਬ ਸਰਕਾਰ ਅਤੇ ਪੁਲੀਸ ਪ੍ਰਸਾਸਨ ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦੇ ਪੁੱਤਰ ਤੇ ਗ਼ਲਤ ਪਰਚਾ ਦਰਜ ਕਰਕੇ ਉਨ੍ਹਾਂ ਦੇ ਪਰਿਵਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਅੱਜ ਪਿੰਡ ਜੱਲੂ-ਪੁਰ ਖੇੜਾ ਆਪਣੇ ਘਰ ਤਰਸੇਮ ਸਿੰਘ (ਅੰਮ੍ਰਿਤਪਾਲ ਸਿੰਘ ਐਮ ਪੀ ਖਡੂਰ ਸਾਹਿਬ ਦੇ ਪਿਤਾ)ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੱਲ੍ਹ ਦੁਪਹਿਰ 12 ਵਜੇ ਦੇ ਕਰੀਬ ਉਨ੍ਹਾਂ ਦਾ ਪੁੱਤਰ ਹਰਪ੍ਰੀਤ ਸਿੰਘ ਕਸਬਾ ਰਈਆ ਲਈ ਰਵਾਨਾ ਹੋਇਆ ਸੀ। ਉਹ ਦੇਰ ਰਾਤ ਤਕ ਘਰ ਨਾ ਆਉਣ ਤੇ ਟੈਲੀਫ਼ੋਨ ਕਰਨ ਤੇ ਉਸ ਦਾ ਫ਼ੋਨ ਬੰਦ ਆ ਰਿਹਾ ਸੀ ਪਰ ਅੱਜ ਸੋਸ਼ਲ ਮੀਡੀਆ ਤੇ ਪਤਾ ਲਗਾ ਹੈ ਕਿ ਜਲੰਧਰ ਪੁਲੀਸ ਵਲੋ ਉਸ ਨੂੰ ਇਕ ਸਾਥੀ ਸਮੇਤ ਨਸ਼ੇ ਸਮੇਤ ਕਾਬੂ ਕਰਨ ਸਬੰਧੀ ਖ਼ਬਰ ਆ ਰਹੀ ਹੈ ਜੋ ਕਿ ਬਿਲਕੁਲ ਗ਼ਲਤ ਹੈ ਉਸ ਦੇ ਪੁੱਤਰ ਨੇ ਅੱਜ ਬਾਘਾ ਪੁਰਾਣਾ ਵਿੱਚ ਬੰਦੀ ਸਿੰਘ ਦੀ ਰਿਹਾਈ ਲਈ ਮਾਰਚ ਵਿੱਚ ਹਿੱਸਾ ਲੈਣਾ ਸੀ। ਉਹ ਆਪਣੇ ਸਾਥੀਆਂ ਨੂੰ ਉਸ ਮਾਰਚ ਵਿੱਚ ਹਿੱਸਾ ਲੈਣ ਲਈ ਕਹਿਣ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਇੱਕ ਸਾਜ਼ਸ਼ ਹੈ ਕਿਉਂਕਿ ਪੰਜਾਬ ਵਿਰੋਧੀ ਤਾਕਤਾਂ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਜਿੱਤ ਨੂੰ ਬਰਦਾਸ਼ਤ ਨਹੀਂ ਕਰ ਰਹੀਆਂ। ਅੰਮ੍ਰਿਤਪਾਲ ਨੂੰ ਬਦਨਾਮ ਕਰਨ ਅਤੇ ਬਾਹਰ ਨਾ ਆਉਣ ਦੇਣ ਲਈ ਹੀ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਨੂੰ ਤਬਾਹੀ ਤੋਂ ਬਚਾਉਣ ਵਾਲਿਆਂ ਵਿਰੁੱਧ ਹੀ ਨਸ਼ਿਆਂ ਦੇ ਕੇਸ ਦਰਜ ਕਰਨਾ ਨਿੰਦਣਯੋਗ ਕਾਰਵਾਈ ਹੈ। ਹੁਣ ਲੋਕ ਜਾਗਰੂਕ ਹੋ ਚੁੱਕੇ ਹਨ ਅਤੇ ਉਹ ਸਭ ਜਾਣਦੇ ਹਨ ਕਿ ਸਰਕਾਰਾਂ ਕਿਸੇ ਨੂੰ ਬਦਨਾਮ ਕਰਨ ਲਈ ਕਿਸ ਹੱਦ ਤੱਕ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਰਾਜਸਥਾਨ ਸਰਕਾਰ ਵਲੋ ਤੇਜਿੰਦਰਪਾਲ ਸਿੰਘ ਟਿੰਮਾ ਖ਼ਿਲਾਫ਼ ਦੇਸ਼-ਧ੍ਰੋਹ ਦਾ ਕੇਸ ਦਰਜ ਕਰਨਾ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜ਼ਸ਼ ਹੈ। ਪੁਲਿਸ ਕਦੇ ਵੀ ਨਿਰਪੱਖਤਾ ਨਾਲ ਕੰਮ ਨਹੀਂ ਕਰਦੀ,ਪੁਲੀਸ ਤੇ ਪੰਜਾਬ ਸਰਕਾਰ ਤਾਂ ਇਹ ਵੀ ਕਹਿ ਸਕਦੀ ਹੈ ਕਿ ਹਰਪ੍ਰੀਤ ਸਿੰਘ ਨਜਾਇਜ਼ ਹਥਿਆਰਾਂ ਸਮੇਤ ਫੜਿਆ ਗਿਆ ਹੈ। ਪੰਜਾਬ ਸਰਕਾਰ ਡਰੱਗ ਮਾਫ਼ੀਆ ਖ਼ਿਲਾਫ਼ ਕੰਮ ਕਰਨ ਦੀ ਬਜਾਏ ਆਮ ਲੋਕਾਂ ਨੂੰ ਤੰਗ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਪੁਲੀਸ ਨੇ ਧਮਕੀ ਦਿੱਤੀ ਸੀ ਕਿ ਹਰਪ੍ਰੀਤ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਜਾਵੇ ਨਹੀਂ ਤਾਂ ਉਸ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ। ਅੱਜ ਵੀ ਅੰਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਉਣ ਵਾਲੇ ਲੋਕਾਂ ਨੂੰ ਧਮਕੀਆਂ ਮਿਲ ਰਹੀਆਂ ਹਨ।ਇਸ ਮੌਕੇ ਉੱਥੇ ਵੱਡੀ ਗਿਣਤੀ ਵਿਚ ਪਿੰਡ ਦੇ ਸਮਰਥਕ ਪਤਾ ਲੈਣ ਪੁੱਜੇ ਹੋਏ ਸਨ।ਇਸ ਮੌਕੇ ਮਾਸਟਰ ਸਰਵਨ ਸਿੰਘ, ਮੇਜਰ ਸਿੰਘ,ਸੁਖਚੈਨ ਸਿੰਘ ਅਤੇ ਹੋਰ ਵੀ ਹਾਜ਼ਰ ਸਨ।