- ਬਾਗਬਾਨੀ ਵਿਭਾਗ ਵਲੋਂ ਕਿਸਾਨ ਨੂੰ ਸਟ੍ਰਾਬੇਰੀ ਦੀ ਕਾਸ਼ਤ, ਪੌਲੀ ਹਾਊਸ,ਪਲਾਸਟਿਕ ਮਲਚਿੰਗ, ਮੁੱਧੂ ਮੱਖੀ ਪਾਲਣ ਅਤੇ ਗਾਜਰ ਧੌਣ ਵਾਲੀ ਮਸ਼ੀਨ ਤੇ ਦਿੱਤੀ ਗਈ ਵਿੱਤੀ ਸਹਾਇਤਾ
- ਡਿਪਟੀ ਕਮਿਸ਼ਨਰ ਵਲੋਂ ਫਸਲੀ ਵਿਭਿੰਨਤਾ ਲਈ ਨਵੀਨਤਮ ਤਕਨੀਕਾਂ ਅਤੇ ਅਗਵਾਈ ਪ੍ਰਦਾਨ ਕਰਨ ਲਈ ਵਿਸ਼ੇਸ਼ ਕੈਂਪ ਲਗਾਉਣ ਦੇ ਹੁਕਮ
- ਗ੍ਰੇਡਿੰਗ ਅਤੇ ਪੈਕਿੰਗ ਪਿੱਛੋਂ ਖੁਦ ਸਥਾਨਕ ਮੰਡੀਆਂ ਵਿੱਚ ਵੇਚਦੇ ਹਨ ਸਟ੍ਰਾਅ ਬੇਰੀ
ਕਪੂਰਥਲਾ, 1 ਜੂਨ : ਬਾਗਬਾਨੀ ਵਿਭਾਗ ਦੀ ਸਹਾਇਤਾ ਅਤੇ ਤਕਨੀਕੀ ਅਗਵਾਈ ਸਦਕਾ ਸੁਲਤਾਨਪੁਰ ਲੋਧੀ ਦੇ ਪਿੰਡ ਸਵਾਲ ਦਾ ਕਿਸਾਨ ਬਲਕਾਰ ਸਿੰਘ ਸਟ੍ਰਾਅ ਬੇਰੀ ਤੇ ਹੋਰਨਾਂ ਫਲਾਂ/ਸਬਜ਼ੀਆਂ ਦੀ ਕਾਸ਼ਤ ਕਰਕੇ ਫਸਲੀ ਵਿਭਿੰਨਤਾ ਦੇ ਮਾਮਲੇ ਵਿਚ ਹੋਰਨਾਂ ਕਿਸਾਨਾਂ ਲਈ ਰਾਹ ਦਸੇਰਾ ਸਾਬਿਤ ਹੋਇਆ ਹੈ। ਕੇਵਲ ਤਿੰਨ ਏਕੜ ਵਾਹੀਯੋਗ ਜ਼ਮੀਨ ਦਾ ਮਾਲਕ ਬਲਕਾਰ ਸਿੰਘ ਭਾਵੇਂ ਅੰਡਰ ਮੈਟ੍ਰਿਕ ਪਾਸ ਹੈ ਪਰ ਉਸਦੀ ਧਰਤੀ ਹੇਠਲੇ ਪਾਣੀ ਅਤੇ ਵਾਤਾਵਰਣ ਨੂੰ ਬਚਾਉਣ ਲਈ ਰਵਾਇਤੀ ਫਸਲੀ ਚੱਕਰ ਤੋਂ ਪਾਸੇ ਹੋ ਕੇ ਹੋਰਨਾਂ ਫਸਲਾਂ ਦੀ ਕਾਸ਼ਤ ਅਤੇ ਮਾਰਕਿਟਿੰਗ ਉਸਨੂੰ ਦੂਜੇ ਕਿਸਾਨਾਂ ਤੋਂ ਅਗਾਂਹਵਧੂ ਸਾਬਿਤ ਕਰਦੀ ਹੈ। ਬਲਕਾਰ ਸਿੰਘ ਨੇ ਸਾਲ 2012 ਵਿੱਚ ਇੰਟਰਨੈੱਟ ‘ਤੇ ਸਟ੍ਰਾਬੇਰੀ ਦੀ ਕਾਸ਼ਤ ਦੇਖਣ ਉਪਰੰਤ ਬਾਗਬਾਨੀ ਵਿਭਾਗ ਕਪੂਰਥਲਾ ਨਾਲ ਸੰਪਰਕ ਕੀਤਾ ਅਤੇ ਬਾਗਬਾਨੀ ਵਿਭਾਗ ਵੱਲੋਂ ਵਾਈ.ਐਸ. ਪਰਮਾਰ ਹਾਰਟੀਕਲਚਰ ਯੂਨੀਵਰਸਿਟੀ, ਸੋਲਨ (ਐਚ. ਪੀ.) ਨਾਲ ਸੰਪਰਕ ਸਾਧਿਆ ਅਤੇ ਕਿਸਾਨ ਲਈ ਸਟ੍ਰਾਬੇਰੀ ਦੇ ਬੂਟਿਆਂ (ਰਨਰ) ਦਾ ਪ੍ਰਬੰਧ ਕੀਤਾ। ਇਸ ਉਪਰੰਤ ਬਲਕਾਰ ਸਿੰਘ ਵਲੋਂ “ਸਵੀਟ ਚਾਰਲੀ, ਚੈਂਡਲਰ, ਕੈਮਾਰੋਜ਼ਾ, ਕੈਪਰੀ ਅਤੇ ਰਾਣੀਆ ਆਦਿ ਸਟ੍ਰਾਬੇਰੀ ਦੀਆਂ ਬਹੁਤ ਸਾਰੀਆਂ ਕਿਸਮਾਂ ਦੀ ਕਾਸ਼ਤ ਸ਼ੁਰੂ ਕੀਤੀ ਗਈ। ਉਸੇ ਸਾਲ ਬਲਕਾਰ ਸਿੰਘ ਵੱਲੋਂ ਪਲਾਸਟਿਕ ਮਲਚਿੰਗ ਵਿਛਾ ਕੇ ਬੈੱਡਾਂ’ਤੇ 2 ਕਨਾਲ ਸਟ੍ਰਾਬੇਰੀ ਦੀ ਕਾਸ਼ਤ ਸ਼ੁਰੂ ਕੀਤੀ ਗਈ। ਸ਼ੁਰੂਆਤੀ ਸਾਲ ਵਿੱਚ ਚੰਗੀ ਆਮਦਨ ਹੋਣ ਕਾਰਨ ਉਸਨੂੰ ਵਿਭਾਗ ਵੱਲੋਂ ਆਉਣ ਵਾਲੇ ਸਾਲਾਂ ਵਿੱਚ ਇੱਕ ਏਕੜ ਤੱਕ ਖੇਤੀ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਇੱਕ ਏਕੜ ਤੋਂ 3,40,000/- ਤੱਕ ਦਾ ਮੁਨਾਫਾ ਹੋਇਆ। ਉਸਨੇ ਦੱਸਿਆ ਕਿ ਬਾਗਬਾਨੀ ਵਿਭਾਗ ਦੇ ਤਕਨੀਕੀ ਗਿਆਨ ਨਾਲ ਕਪੂਰਥਲਾ ਵਿੱਚ ਪਾਇਲਟ ਪ੍ਰੋਜੈਕਟ ਵਜੋਂ ਸਟ੍ਰਾਬੇਰੀ ਦੀ ਕਾਸ਼ਤ ਸ਼ੁਰੂ ਕੀਤੀ। ਬਾਗਬਾਨੀ ਵਿਭਾਗ ਦੀ ਕੌਮੀ ਬਾਗਬਾਨੀ ਮਿਸ਼ਨ ਸਕੀਮ ਤਹਿਤ ਕਿਸਾਨ ਨੂੰ ਸਟ੍ਰਾਬੇਰੀ ਦੀ ਕਾਸ਼ਤ, ਪਲਾਸਟਿਕ ਮਲਚਿੰਗ, ਮੁੱਧੂ ਮੱਖੀ ਪਾਲਣ ਅਤੇ ਗਾਜਰ ਧੌਣ ਵਾਲੀ ਮਸ਼ੀਨ ਤੇ ਵਿੱਤੀ ਸਹਾਇਤਾ ਦਾ ਲਾਭ ਦਿੱਤਾ ਗਿਆ ਹੈ। ਉਹ 6 ਏਕੜ ਵਿੱਚ ਲਾਲ (ਸਥਾਨਕ) ਅਤੇ ਸੰਤਰੀ ਗਾਜਰ (ਰਿੱਜ ਫਾਇਰ), ਇੱਕ ਏਕੜ ਵਿੱਚ ਪਲਾਸਟਿਕ ਮਲਚਿੰਗ ਉੱਤੇ ਖਰੂਬਜਾ (ਬੌਬੀ), ਇੱਕ-ਇੱਕ ਏਕੜ ਵਿੱਚ ਪਿਆਜ਼ ਅਤੇ ਕੱਦੂ, ਤਿੰਨ ਏਕੜ ਵਿੱਚ ਟਮਾਟਰ ਅਤੇ 1 ਏਕੜ ਵਿੱਚ ਸ਼ਿਮਲਾ ਮਿਰਚ ਦੇ ਨਾਲ ਖੀਰੇ ਦੀ ਕਾਸ਼ਤ ਵੀ ਕਰਦਾ ਹੈ। ਉਸ ਕੋਲ ਅਮਰੂਦ ਦਾ ਬਾਗ ਵੀ ਹੈ ਅਤੇ ਸਾਰੀਆਂ ਫਸਲਾਂ ਤੋਂ ਉਹ ਹਰ ਸਾਲ (ਤਕਰੀਬਨ) 5 ਲੱਖ ਦਾ ਮੁਨਾਫਾ ਕਮਾਉਂਦਾ ਹੈ। ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਫਸਲੀ ਵਿਭਿੰਨਤਾ ਲਈ ਕੰਮ ਕਰ ਰਹੇ ਬਲਕਾਰ ਸਿੰਘ ਤੇ ਹੋਰਨਾਂ ਅਗਾਂਹਵਧੂ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਪੂਰਥਲਾ ਜ਼ਿਲ੍ਹੇ ਵਿਚ ਫਸਲੀ ਵਿਭਿੰਨਤਾ ਲਈ ਹੋਰ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਪੂਰਥਲਾ ਜ਼ਿਲ੍ਹੇ ਵਿਚ ਵਿਸ਼ੇਸ਼ ਤੌਰ ਤੇ ਸੁਲਤਾਨਪੁਰ ਲੋਧੀ ਅਤੇ ਕਪੂਰਥਲਾ ਤਹਿਸੀਲਾਂ ਜੋ ਕਿ ਲੂ, ਗਾਜਰ, ਟਮਾਟਰ, ਮੱਕੀ, ਖਰਬੂਜਾ ਆਦਿ ਦੀ ਖੇਤੀ ਲਈ ਜਾਣੀਆਂ ਜਾਂਦੀਆਂ ਹਨ ਦੇ ਕਿਸਾਨਾਂ ਨੂੰ ਨਵੀਨਤਮ ਤਕਨੀਕਾਂ ਅਤੇ ਅਗਵਾਈ ਪ੍ਰਦਾਨ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਸ ਤੋਂ ਇਲਾਵਾ ਅਜਿਹੇ ਕਿਸਾਨਾਂ ਦੀ ਹੋਸਲਾ ਅਫਜਾਈ ਲਈ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸੁਖਦੀਪ ਸਿੰਘ ਹੁੰਦਲ ਤੇ ਬਾਗਬਾਨੀ ਵਿਕਾਸ ਅਫਸਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਬੀਤੇ ਸਾਲ 2021-22 ਦੌਰਾਨ ਬਾਗਬਾਨੀ ਵਿਭਾਗ ਦੀ ਮਦਦ ਨਾਲ ਬਲਕਾਰ ਸਿੰਘ ਨੇ ਇਕ ਕਨਾਲ ਦਾ ਪੌਲੀਹਾਊਸ 50% ਸਬਸਿਡੀ ਤੇ ਲਗਾਇਆ,ਜਿਸ ਵਿੱਚ ਉਹ ਰੰਗਦਾਰ ਸ਼ਿਮਲਾ ਮਿਰਚ ਅਤੇ ਸੀਡਲੈਸ ਖੀਰੇ ਦੀ ਖੇਤੀ ਕਰਦਾ ਹੈ ਅਤੇ ਆਪਣੀ ਪਨੀਰੀ ਵੀ ਖੁਦ ਤਿਆਰ ਕਰਦਾ ਹੈ। ਕਿਸਾਨ ਵੱਲੋਂ ਬਾਗਬਾਨੀ ਵਿਭਾਗ ਦੇ ਸੈਂਟਰ ਆਫ ਐਕਸੀਲੇਂਸ ਫਾਰ ਵੇਜੀਟੇਬਲ, ਕਰਤਾਰਪੁਰ ਤੋਂ ਸੁਰੱਖਿਅਤ ਖੇਤੀ ਦੀ ਟਰੇਨਿੰਗ ਹਾਸਲ ਕੀਤੀ ਗਈ। ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਦੀ ਨਾਲ-ਨਾਲ ਬਲਕਾਰ ਸਿੰਘ ਅਤੇ ਉਸਦਾ ਪੁੱਤਰ 250 ਗ੍ਰਾਮ ਸਮਰੱਥਾ ਵਾਲੇ ਪਲਾਸਟਿਕ ਦੇ ਡੱਬਿਆਂ ਦੀ ਵਰਤੋਂ ਕਰਕੇ ਆਪਣੇ ਫਾਰਮ ਤੇ ਸਟ੍ਰਾਬੇਰੀ ਨੂੰ ਗ੍ਰੇਡ ਅਤੇ ਪੈਕ ਕਰਦੇ ਹਨ ਅਤੇ ਕਪੂਰਥਲਾ, ਜਲੰਧਰ ਅਤੇ ਤਰਨ-ਤਾਰਨ ਦੀਆਂ ਲੋਕਲ ਮੰਡੀਆਂ ਵਿੱਚ ਸਿੱਧੇ ਵੇਚਦੇ ਹਨ। ਉਹ ਬੇਰੋਜ਼ਗਾਰ ਨੌਜਵਾਨਾਂ ਨੂੰ ਵੀ ਰੋਜ਼ਗਾਰ ਦਿੰਦਾ ਹੈ ਜੋਕਿ ਨੇੜਲੇ ਪਿੰਡਾਂ ਵਿੱਚ ਘਰ-ਘਰ ਉਸ ਦੀ ਉਪਜ ਵੇਚਦੇ ਹਨ। ਕਿਸਾਨ ਦੀ ਇਹ ਪਹੁੰਚ ਬੇਰੁਜ਼ਗਾਰ ਨੌਜਵਾਨਾਂ ਲਈ ਆਮਦਨ ਪੈਦਾ ਕਰਨ ਵਿੱਚ ਮਦਦ ਕਰਦੀ ਹੈ। ਉਹ ਆਪਣੇ ਖੇਤ ਦੀ ਵੱਧ ਤੋਂ ਵੱਧ ਉਪਜ ਖੁਦ ਵੇਚਦਾ ਹੈ ਜੋ ਕਿ ਵਿਚੋਲਿਆਂ ਤੋਂ ਬਚਣ ਲਈ ਬਹੁਤ ਵਧੀਆ ਤਰੀਕਾ ਹੈ।