ਔਰਤਾਂ ਅਤੇ ਬੱਚਿਆਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਕਰਵਾਇਆ ਜਾਗਰੂਕਤਾ ਸਮਾਗਮ 

ਨਵਾਂਸ਼ਹਿਰ, 26 ਨਵੰਬਰ 2024 : ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਜਗਰੂਪ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੰਗੜੋਆ ਵਿਖੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਕਰਵਾਏ ਸਮਾਗਮ ਦੌਰਾਨ ਵਿਦਿਆਰਥੀਆਂ ਅਤੇ ਸਕੂਲ ਸਟਾਫ ਨੂੰ ਔਰਤਾਂ ਅਤੇ ਬੱਚਿਆਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ  ਜਾਗਰੂਕ ਕੀਤਾ ਗਿਆ।  ਵਿਭਾਗ ਵੱਲੋਂ ਆਏ ਜ਼ਿਲ੍ਹਾ ਕੋਆਡੀਨੇਟਰ ਸੁਪ੍ਰਿਆ ਠਾਕੁਰ ਨੇ ਮਾਨਸਿਕ ਸਿਹਤ ਸਬੰਧੀ ਸ਼ਰਮ ਅਤੇ ਜਿਨਸੀ ਸ਼ੋਸ਼ਣ 'ਤੇ ਲੈਕਚਰ ਦਿੱਤਾ ਅਤੇ ਦੱਸਿਆ ਕਿ ਕਿਵੇਂ ਮਾਨਸਿਕ ਸਿਹਤ ਸਾਡੇ ਜੀਵਨ ਵਿਚ ਬਦਲਾਅ ਲੈ ਕੇ ਆਉਂਦੀ ਹੈ। ਮਾਨਸਿਕ ਤੌਰ 'ਤੇ ਪੀੜਿਤ ਲੋਕ ਅਕਸਰ ਪਿੱਛੇ ਰਹਿੰਦੇ ਹਨ ਅਤੇ ਸ਼ਰਮ ਮਹਿਸੂਸ ਕਰਦੇ ਹਨ। ਉਨ੍ਹਾਂ ਬੱਚਿਆਂ ਅਤੇ ਸਟਾਫ ਨੂੰ ਜਾਣੂ ਕਰਵਾਇਆ ਕਿ ਮਾਨਸਿਕ ਸਿਹਤ ਨੂੰ ਠੀਕ ਰੱਖਣਾ ਬੇਹੱਦ ਜ਼ਰੂਰੀ ਹੈ । ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ   ਆਉਟਰੀਚ ਵਰਕਰ ਕਾਂਤਾ ਵੱਲੋਂ ਮਿਸ਼ਨ ਵਾਤਸੱਲਿਆ ਤਹਿਤ ਚੱਲ ਰਹੀਆਂ ਸਕੀਮਾਂ ਬਾਰੇ ਦੱਸਿਆ ਗਿਆ | ਇਸੇ ਤਰ੍ਹਾਂ ਪੋਕਸੋ ਐਕਟ, ਗੁੱਡ ਟੱਚ-ਬੈਡ ਟੱਚ ਬਾਰੇ ਵੀ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਅਤੇ ਬਾਲ ਵਿਆਹ ਨੂੰ ਰੋਕਣ ਬਾਰੇ ਅਤੇ ਬਾਲ ਮਜ਼ਦੂਰੀ ਨਾ ਕਰਵਾਉਣ ਬਾਰੇ ਦੱਸਿਆ ਗਿਆ। ਮੌਕੇ 'ਤੇ ਮੌਜੂਦ ਆਂਗਨਵਾੜੀ ਵਰਕਰ ਮਨਜਿੰਦਰ ਕੌਰ ਨੇ ਪੋਸ਼ਣ ਬਾਰੇ  ਦੱਸਿਆ ਕਿ ਕਿਵੇਂ ਸਹੀ ਖਾਣ-ਪਾਨ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਪ੍ਰਭਾਵ ਪਾਉਂਦਾ ਹੈ। ਸਕੂਲ ਦੇ ਪ੍ਰਿੰਸੀਪਲ ਸੁਰਿੰਦਰ ਪਾਲ ਅਗਨੀਹੋਤਰੀ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਡਮੁੱਲੀ ਜਾਣਕਾਰੀ ਦਾ ਸਾਰਿਆਂ ਨੂੰ ਲਾਭ ਲੈਣਾ ਚਾਹੀਦਾ ਹੈ।